ਪਹਿਲਾਂ ਹੀ ਸੈਮੀਫਾਈਨਲ ‘ਚ ਪਹੁੰਚੀ ਭਾਰਤੀ ਮਹਿਲਾ ਹਾਕੀ ਟੀਮ ਨੇ ਐੱਫ.ਆਈ.ਐੱਚ. ਨੈਸ਼ਨਜ਼ ਕੱਪ ‘ਚ ਦੱਖਣੀ ਅਫਰੀਕਾ ਨੂੰ 2-0 ਨਾਲ ਹਰਾ ਕੇ ਲਗਾਤਾਰ ਤੀਜੀ ਜਿੱਤ ਦਰਜ ਕਰਕੇ ਪੂਲ ‘ਚ ਸਿਖਰ ‘ਤੇ ਪਹੁੰਚ ਗਈ। ਇੰਡੀਆ ਲਈ ਦੀਪ ਗ੍ਰੇਸ ਏਕਾ ਨੇ 14ਵੇਂ ਮਿੰਟ ਅਤੇ ਗੁਰਜੀਤ ਕੌਰ ਨੇ 59ਵੇਂ ਮਿੰਟ ‘ਚ ਗੋਲ ਕੀਤੇ। ਇਸ ਨਾਲ ਟੀਮ ਪੂਲ ਬੀ ਦੇ ਸਾਰੇ ਮੈਚ ਜਿੱਤਣ ‘ਚ ਸਫਲ ਰਹੀ। ਵਿਸ਼ਵ ਦੀ ਅੱਠਵੇਂ ਨੰਬਰ ਦੀ ਟੀਮ ਇੰਡੀਆ ਨੌਂ ਅੰਕਾਂ ਨਾਲ ਪੂਲ ‘ਚ ਸਿਖਰ ‘ਤੇ ਹੈ। ਉਨ੍ਹਾਂ ਨੇ ਆਪਣੇ ਪਹਿਲੇ ਮੈਚਾਂ ‘ਚ ਚਿਲੀ ਨੂੰ 3-1 ਅਤੇ ਜਾਪਾਨ ਨੂੰ 2-1 ਨਾਲ ਹਰਾਇਆ ਸੀ। 8 ਟੀਮਾਂ ਦਾ ਇਹ ਟੂਰਨਾਮੈਂਟ ਇੰਡੀਆ ਲਈ ਬਹੁਤ ਮਹੱਤਵਪੂਰਨ ਹੈ ਕਿਉਂਕਿ ਇਹ ‘ਪ੍ਰਮੋਸ਼ਨ-ਰਿਲੀਗੇਸ਼ਨ’ ਦੀ ਪ੍ਰਣਾਲੀ ਸ਼ੁਰੂ ਕਰੇਗਾ। ਇਸ ‘ਚ ਚੈਂਪੀਅਨ ਟੀਮ ਨੂੰ 2023-24 ਐੱਫ.ਆਈ.ਐੱਚ. ਹਾਕੀ ਮਹਿਲਾ ਪ੍ਰੋ ਲੀਗ ਵਿੱਚ ‘ਪ੍ਰਮੋਟ’ ਕੀਤਾ ਜਾਵੇਗਾ, ਜੋ ਅਗਲੇ ਸਾਲ ਹੋਣ ਵਾਲੀਆਂ ਏਸ਼ੀਅਨ ਖੇਡਾਂ ਅਤੇ 2024 ਪੈਰਿਸ ਓਲੰਪਿਕ ਲਈ ਇਕ ਅਹਿਮ ਟੂਰਨਾਮੈਂਟ ਹੋਵੇਗਾ।