ਪਾਕਿਸਤਾਨ ਖ਼ਿਲਾਫ਼ ਖੇਡੇ ਗਏ ਟੀ-20 ਮੈਚ ‘ਚ ਇੰਡੀਆ ਨੇ ਜੇਮਿਮਾ ਰੋਡ੍ਰਿਗੇਜ਼ (ਅਜੇਤੂ 53) ਦੇ ਅਰਧ ਸੈਂਕੜੇ ਤੇ ਵਿਕਟਕੀਪਰ-ਬੱਲੇਬਾਜ਼ ਰਿਚਾ ਘੋਸ਼ (ਅਜੇਤੂ 31) ਦੇ ਨਾਲ ਉਸਦੀ ਚੌਥੀ ਵਿਕਟ ਲਈ 33 ਗੇਂਦਾਂ ‘ਚ 58 ਦੌੜਾਂ ਦੀ ਅਜੇਤੂ ਸਾਂਝੇਦਾਰੀ ਦੀ ਬਦੌਲਤ ਇਕ ਓਵਰ ਬਾਕੀ ਰਹਿੰਦਿਆਂ 7 ਵਿਕਟਾਂ ਨਾਲ ਹਰਾ ਦਿੱਤਾ। ਪਾਕਿਸਤਾਨ ਨੇ ਕਪਤਾਨ ਬਿਸਮਾਹ ਮਾਰੂਫ (ਅਜੇਤੂ 68) ਦੇ ਅਰਧ ਸੈਂਕੜੇ ਤੇ ਆਇਸ਼ਾ ਨਸੀਮ (ਅਜੇਤੂ 43) ਦੇ ਨਾਲ ਉਸਦੀ 5ਵੀਂ ਵਿਕਟ ਲਈ 81 ਦੌੜਾਂ ਦੀ ਅਜੇਤੂ ਸਾਂਝੇਦਾਰੀ ਦੀ ਬਦੌਲਤ 4 ਵਿਕਟਾਂ ‘ਤੇ 149 ਦੌੜਾਂ ਦਾ ਚੁਣੌਤੀਪੂਰਨ ਸਕੋਰ ਖੜ੍ਹਾ ਕੀਤਾ ਸੀ। ਇੰਡੀਆ ਨੇ ਇਹ ਟੀਚਾ 19 ਓਵਰਾਂ ‘ਚ 3 ਵਿਕਟਾਂ ‘ਤੇ 151 ਦੌੜਾਂ ਬਣਾ ਕੇ ਹਾਸਲ ਕਰ ਲਿਆ। ਜੇਮਿਮਾ ਦੀ 8 ਚੌਕਿਆਂ ਨਾਲ ਸਜੀ 38 ਗੇਂਦਾਂ ਦੀ ਅਜੇਤੂ ਅਰਧ ਸੈਂਕੜੇ ਵਾਲੀ ਪਾਰੀ ਮਹੱਤਵਪੂਰਨ ਰਹੀ। ਇਸ ‘ਚ ਰਿਚਾ (20 ਗੇਂਦਾਂ, 5 ਚੌਕੇ) ਨੇ ਉਸਦੇ ਨਾਲ ਟੀਮ ਨੂੰ ਦਬਾਅ ‘ਚੋਂ ਬਾਹਰ ਕੱਢਣ ਦਾ ਸ਼ਾਨਦਾਰ ਜਜ਼ਬਾ ਦਿਖਾਇਆ। ਰੋਡ੍ਰਿਗੇਜ਼ ਨੇ ਜੇਤੂ ਚੌਕਾ ਲਾ ਕੇ ਟੀਮ ਦੀ ਜਿੱਤ ਤੈਅ ਕੀਤੀ ਤੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਇਸ ਤਰ੍ਹਾਂ ਇੰਡੀਆ ਨੇ ਟੀ-20 ਵਰਲਡ ਕੱਪ ‘ਚ ਸਭ ਤੋਂ ਵੱਡੇ ਟੀਚੇ ਦਾ ਪਿੱਛਾ ਕੀਤਾ। ਇਹ ਟੀ-20 ਵਰਲਡ ਕੱਪ ‘ਚ ਸਭ ਤੋਂ ਵੱਡੇ ਟੀਚੇ ਦਾ ਪਿੱਛਾ ਕਰਨ ‘ਚ ਦੂਜਾ ਸਰਵਸ੍ਰੇਸ਼ਠ ਪ੍ਰਦਰਸ਼ਨ ਰਿਹਾ। ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਲਈ ਸਲਾਮੀ ਬੱਲੇਬਾਜ਼ ਸ਼ੈਫਾਲੀ ਵਰਮਾ (33) ਤੇ ਯਾਸਤਿਕਾ ਭਾਟੀਆ (17) ਨੇ ਪਹਿਲੀ ਵਿਕਟ ਲਈ 38 ਦੌੜਾਂ ਜੋੜੀਆਂ ਸਨ ਕਿ ਸਾਦੀਆ ਇਕਬਾਲ ਨੇ ਇੰਡੀਆ ਨੂੰ ਪਹਿਲਾ ਝਟਕਾ ਦਿੱਤਾ। ਸ਼ੈਫਾਲੀ ਤੋਂ ਵੱਡੀ ਪਾਰੀ ਖੇਡਣ ਦੀ ਉਮੀਦ ਸੀ। ਪਾਰੀ ਨੂੰ ਤੇਜ਼ ਕਰਨ ਦੀ ਕੋਸ਼ਿਸ਼ ‘ਚ 10ਵੇਂ ਓਵਰ ‘ਚ ਉਹ ਆਪਣੀ ਵਿਕਟ ਗੁਆ ਬੈਠੀ। ਰੋਡ੍ਰਿਗੇਜ਼ ਦੇ ਨਾਲ ਹੁਣ ਕਪਤਾਨ ਹਰਮਨਪ੍ਰੀਤ ਕੌਰ (16) ਕ੍ਰੀਜ਼ ‘ਤੇ ਸੀ। ਦੋਵਾਂ ਨੇ ਚੌਕਸੀ ਨਾਲ ਬੱਲੇਬਾਜ਼ੀ ਕਰਦਿਆਂ 28 ਦੌੜਾਂ ਜੋੜੀਆਂ ਸਨ ਕਿ ਕਪਤਾਨ ਦੀ ਸਲਾਗ ਸਵੀਪ ਕਰਨ ਦੀ ਗਲਤੀ ਨਾਲ ਪਾਕਿਸਤਾਨ ਨੇ ਤੀਜੀ ਵਿਕਟ ਲੈ ਲਈ। ਫਿਰ ਰੋਡ੍ਰਿਗੇਜ਼ ਨੂੰ ਰਿਚਾ ਦੇ ਰੂਪ ‘ਚ ਚੰਗਾ ਜੋੜੀਦਾਰ ਮਿਲਿਆ। ਇਨ੍ਹਾਂ ਦੋਵਾਂ ਨੇ ਇੰਡੀਆ ਨੂੰ ਟੀਚੇ ਤਕ ਪਹੁੰਚਾਇਆ। 18ਵੇਂ ਓਵਰ ‘ਚ ਰਿਚਾ ਦੇ ਆਮੀਨ ਅਨਵਰ ‘ਤੇ ਲਗਾਏ ਗਏ ਲਗਾਤਾਰ ਤਿੰਨ ਚੌਕਿਆਂ ਨੇ ਇੰਡੀਆ ਦੇ ਉੱਪਰ ਤੋਂ ਦਬਾਅ ਖਤਮ ਕੀਤਾ, ਜਿਸ ਨਾਲ ਟੀਮ ਨੂੰ ਆਖਰੀ ਦੋ ਓਵਰਾਂ ‘ਚ ਜਿੱਤ ਲਈ 14 ਦੌੜਾਂ ਦੀ ਲੋੜ ਸੀ। ਰੋਡ੍ਰਿਗੇਜ਼ ਨੇ 19ਵੇਂ ਓਵਰ ‘ਚ ਤਿੰਨ ਚੌਕੇ ਲਾ ਕੇ ਜਿੱਤ ਇੰਡੀਆ ਨੂੰ ਦਿਵਾਈ ਤੇ ਟੀਮ ਨੇ ਟੂਰਨਾਮੈਂਟ ‘ਚ ਜਿੱਤ ਨਾਲ ਮੁਹਿੰਮ ਦੀ ਸ਼ੁਰੂਆਤ ਕੀਤੀ।