ਆਸਟਰੇਲੀਆ ਹੱਥੋਂ ਸੈਮੀਫਾਈਨਲ ‘ਚ 5 ਦੌੜਾਂ ਨਾਲ ਹਾਰ ਕੇ ਭਾਰਤੀ ਮਹਿਲਾ ਕ੍ਰਿਕਟ ਟੀਮ ਟੀ-20 ਵਰਲਡ ਕੱਪ ਤੋਂ ਬਾਹਰ ਹੋ ਗਈ ਹੈ। ਆਸਟਰੇਲੀਆ ਦੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਨਿਰਧਾਰਤ 20 ਓਵਰਾਂ ‘ਚ 172 ਦੌੜਾਂ ਬਣਾਈਆਂ ਸਨ। ਟੀਚੇ ਦਾ ਪਿੱਛਾ ਕਰਨ ਉੱਤਰੀ ਭਾਰਤੀ ਟੀਮ 20 ਓਵਰਾਂ ‘ਚ 167 ਦੌੜਾਂ ਹੀ ਬਣਾ ਸਕੀ ਤੇ ਟੂਰਨਾਮੈਂਟ ‘ਚੋਂ ਬਾਹਰ ਹੋ ਗਈ। ਭਾਰਤੀ ਕਪਤਾਨ ਹਰਮਨਪ੍ਰੀਤ ਕੌਰ ਨੇ 52 ਅਤੇ ਜੇਮਿਮਾ ਰੌਡਰਿਗਜ਼ ਨੇ 43 ਦੌੜਾਂ ਦੀਆਂ ਸ਼ਾਨਦਾਰ ਪਾਰੀਆਂ ਜ਼ਰੂਰ ਖੇਡੀਆਂ ਪਰ ਉਹ ਆਪਣੀ ਟੀਮ ਨੂੰ ਜਿੱਤ ਨਹੀਂ ਦੁਆ ਸਕੀਆਂ। ਟੂਰਨਾਮੈਂਟ ਦੇ ਸੈਮੀਫ਼ਾਈਨਲ ਮੁਕਾਬਲੇ ‘ਚ ਆਸਟਰੇਲੀਅਨ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਲਿਆ ਸੀ। ਸਲਾਮੀ ਬੱਲੇਬਾਜ਼ਾਂ ਹੈਲੀ (25) ਮੂਨੀ (54) ਦੀਆਂ ਪਾਰੀਆਂ ਅਤੇ ਕਪਤਾਨ ਲੈਨਿੰਗ ਦੀ 49 ਦੌੜਾਂ ਦੀ ਅਜੇਤੂ ਪਾਰੀ ਸਦਕਾ ਆਸਟਰੇਲੀਅਨ ਟੀਮ ਨੇ ਨਿਰਧਾਰਤ 20 ਓਵਰਾਂ ‘ਚ 4 ਵਿਕਟਾਂ ਗੁਆ ਕੇ 172 ਦੌੜਾਂ ਬਣਾਈਆਂ। ਭਾਰਤੀ ਗੇਂਦਬਾਜ਼ ਸ਼ਿਖਾ ਪਾਂਡੇ ਨੇ 2 ਅਤੇ ਦਿਪਤੀ ਸ਼ਰਮਾ ਤੇ ਰਾਧਾ ਯਾਦਵ ਨੇ 1-1 ਵਿਕਟ ਲਈ। 173 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਨੂੰ ਸ਼ੁਰੂਆਤੀ ਝਟਕੇ ਲੱਗਣ ਕਾਰਨ ਪਾਰੀ ਡਾਵਾਂਡੋਲ ਹੋਈ। ਪਰ ਭਾਰਤੀ ਕਪਤਾਨ ਹਰਮਨਪ੍ਰੀਤ ਕੌਰ (52) ਅਤੇ ਜੇਮਿਮਾ ਰੌਡਰਿਗਜ਼ (43) ਨੇ ਸ਼ਾਨਦਾਰ ਬੱਲੇਬਾਜ਼ੀ ਕਰਦਿਆਂ ਪਾਰੀ ਨੂੰ ਸੰਭਾਲਿਆ। ਇੰਡੀਆ ਨੂੰ ਅਖ਼ੀਰਲੇ ਓਵਰ ‘ਚ ਜਿੱਤ ਲਈ 16 ਦੌੜਾਂ ਦੀ ਲੋੜ ਸੀ ਪਰ 5 ਦੌੜਾਂ ਤੋਂ ਮਿਲੀ ਹਾਰ ਨੇ ਭਾਰਤੀ ਫੈਨਜ਼ ਨੂੰ ਨਿਰਾਸ਼ ਕਰ ਦਿੱਤਾ।