ਪਹਿਲੀ ਤੋਂ 15 ਅਕਤੂਬਰ ਤੱਕ ਬੰਗਲਾਦੇਸ਼ ‘ਚ ਹੋਣ ਵਾਲੀ ਏ.ਸੀ.ਸੀ. ਟੀ-20 ਚੈਂਪੀਅਨਸ਼ਿਪ ਲਈ ਭਾਰਤੀ ਮਹਿਲਾ ਕ੍ਰਿਕਟ ਟੀਮ ‘ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਬੀ.ਸੀ.ਸੀ.ਆਈ. ਨੇ ਉਸੇ 15 ਮੈਂਬਰੀ ਟੀਮ ‘ਤੇ ਭਰੋਸਾ ਕੀਤਾ ਹੈ ਜੋ ਟੂਰਨਾਮੈਂਟ ਲਈ ਇੰਗਲੈਂਡ ਖ਼ਿਲਾਫ਼ ਹਾਲੀਆ ਟੀ-20 ਸੀਰੀਜ਼ ‘ਚ ਸ਼ਾਮਲ ਸੀ। ਤਾਨੀਆ ਭਾਟੀਆ ਅਤੇ ਸਿਮਰਨ ਬਹਾਦੁਰ ਨੂੰ ਟੀਮ ‘ਚ ਸਟੈਂਡਬਾਏ ਖਿਡਾਰੀਆਂ ਵਜੋਂ ਰੱਖਿਆ ਗਿਆ ਹੈ। ਇਹ ਦੋਵੇਂ ਖਿਡਾਰਨਾਂ ਇੰਗਲੈਂਡ ਦੌਰੇ ‘ਤੇ ਗਈ 17 ਮੈਂਬਰੀ ਭਾਰਤੀ ਟੀਮ ਦਾ ਹਿੱਸਾ ਸਨ ਪਰ ਪਲੇਇੰਗ ਇਲੈਵਨ ‘ਚ ਉਨ੍ਹਾਂ ਨੂੰ ਮੌਕਾ ਨਹੀਂ ਮਿਲਿਆ। ਹਰਮਨਪ੍ਰੀਤ ਕੌਰ ਦੀ ਅਗਵਾਈ ‘ਚ ਛੇ ਵਾਰ ਦੀ ਚੈਂਪੀਅਨ ਭਾਰਤੀ ਟੀਮ ਟੂਰਨਾਮੈਂਟ ਦੇ ਪਹਿਲੇ ਦਿਨ ਸ੍ਰੀਲੰਕਾ ਖ਼ਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ ਅਤੇ 7 ਅਕਤੂਬਰ ਨੂੰ ਪਾਕਿਸਤਾਨ ਨਾਲ ਭਿੜੇਗੀ। ਟੀਮ ‘ਚ ਹਰਮਨਪ੍ਰੀਤ ਕੌਰ ਤੋਂ ਇਲਾਵਾ ਸਮ੍ਰਿਤੀ ਮੰਧਾਨਾ (ਉਪ-ਕਪਤਾਨ), ਦੀਪਤੀ ਸ਼ਰਮਾ, ਸ਼ੈਫਾਲੀ ਵਰਮਾ, ਜੇਮਿਮਾ ਰੌਡਰਿਗਜ਼, ਮੇਘਨਾ, ਰਿਚਾ ਘੋਸ਼ (ਵਿਕਟਕੀਪਰ), ਸਨੇਹ ਰਾਣਾ, ਡਾਇਲਨ ਹੇਮਲਤਾ, ਮੇਘਨਾ ਸਿੰਘ, ਰੇਣੂਕਾ ਠਾਕੁਰ, ਪੂਜਾ ਵਸਤਰਕਰ, ਰਾਜੇਸ਼ਵਰੀ ਗਾਇਕਵਾੜ, ਰਾਧਾ ਯਾਦਵ ਤੇ ਕੇ.ਪੀ. ਨਵਗਿਰੀ ਸ਼ਾਮਲ ਹਨ।
ਇਸੇ ਦੌਰਾਨ ਇੰਡੀਆ ਦੀ ਸਟਾਰ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ ਇੰਗਲੈਂਡ ਖ਼ਿਲਾਫ਼ ਆਪਣੀ ਟੀਮ ਦੇ ਦੂਜੇ ਵਨ-ਡੇ ਦੌਰਾਨ ਸ਼ਿਖਰ ਧਵਨ ਅਤੇ ਵਿਰਾਟ ਕੋਹਲੀ ਤੋਂ ਬਾਅਦ ਸਭ ਤੋਂ ਤੇਜ਼ 3000 ਵਨ-ਡੇ ਦੌੜਾਂ ਪੂਰੀਆਂ ਕਰਨ ਵਾਲੀ ਇੰਡੀਆ ਦੀ ਸਭ ਤੋਂ ਤੇਜ਼ ਮਹਿਲਾ ਖਿਡਾਰੀ ਬਣ ਗਈ। ਧਵਨ ਨੇ ਜਿੱਥੇ 72 ਪਾਰੀਆਂ ‘ਚ 3000 ਵਨ-ਡੇ ਦੌੜਾਂ ਪੂਰੀਆਂ ਕੀਤੀਆਂ, ਕੋਹਲੀ ਨੇ 75 ਪਾਰੀਆਂ ‘ਚ ਅਜਿਹਾ ਕੀਤਾ ਸੀ। ਮੰਧਾਨਾ ਨੇ ਕੋਹਲੀ ਨਾਲੋਂ ਇੱਕ ਪਾਰੀ ਵੱਧ ਖੇਡੀ ਅਤੇ ਆਪਣੀ 76ਵੀਂ ਪਾਰੀ ‘ਚ ਇਹ ਉਪਲੱਬਧੀ ਹਾਸਲ ਕੀਤੀ। ਖੱਬੇ ਹੱਥ ਦੀ ਸਲਾਮੀ ਬੱਲੇਬਾਜ਼ ਨੇ 2013 ‘ਚ ਵਨ-ਡੇ ਕ੍ਰਿਕਟ ‘ਚ ਡੈਬਿਊ ਕੀਤਾ ਸੀ। ਉਸ ਨੇ ਇਸ ਫਾਰਮੈਟ ‘ਚ 5 ਸੈਂਕੜੇ ਅਤੇ 24 ਅਰਧ ਸੈਂਕੜੇ ਲਗਾਏ ਹਨ। ਉਹ ਮਿਤਾਲੀ ਰਾਜ ਅਤੇ ਹਰਮਨਪ੍ਰੀਤ ਕੌਰ ਤੋਂ ਬਾਅਦ ਇਸ ਫਾਰਮੈਟ ‘ਚ 3000 ਦੌੜਾਂ ਦੇ ਅੰਕੜੇ ਤੱਕ ਪਹੁੰਚਣ ਵਾਲੀ ਤੀਜੀ ਭਾਰਤੀ ਮਹਿਲਾ ਖਿਡਾਰਨ ਹੈ। ਸਭ ਤੋਂ ਤੇਜ਼ ਭਾਰਤੀ ਮਹਿਲਾ ਕ੍ਰਿਕਟਰ ਵਜੋਂ ਮੰਧਾਨਾ ਨੇ ਸਾਬਕਾ ਕਪਤਾਨ ਮਿਤਾਲੀ ਨੂੰ ਪਿੱਛੇ ਛੱਡ ਦਿੱਤਾ ਹੈ ਜਿਨ੍ਹਾਂ ਨੇ 88 ਪਾਰੀਆਂ ‘ਚ 3000 ਦੌੜਾਂ ਬਣਾਉਣ ਦੀ ਉਪਲੱਬਧੀ ਹਾਸਲ ਕੀਤੀ ਸੀ।
ਭਾਰਤੀ ਮਹਿਲਾ ਕ੍ਰਿਕਟ ਟੀਮ ‘ਚ ਕੋਈ ਬਦਲਾਅ ਨਹੀਂ, ਮੰਧਾਨਾ ਨੇ ਬਣਾਈਆਂ ਸਭ ਤੋਂ ਤੇਜ਼ ਤਿੰਨ ਹਜ਼ਾਰ ਦੌੜਾਂ
Related Posts
Add A Comment