ਭਾਰਤੀ ਮੂਲ ਦੇ ਇਕ 68 ਸਾਲਾ ਵਿਅਕਤੀ ਨੂੰ ਮਿਸੀਸਾਗਾ ‘ਚ ਜਿਣਸੀ ਛੇੜਛਾੜ ਦੇ ਦੋਸ਼ ‘ਚ ਦੂਜੀ ਵਾਰ ਗ੍ਰਿਫ਼ਤਾਰ ਕੀਤਾ ਗਿਆ ਹੈ। ਛੇ ਸਾਲ ਪਹਿਲਾਂ ਉਸ ਨੂੰ ਮਾਰਖਮ ‘ਚ ਇਕ ਮੁਟਿਆਰ ਨਾਲ ਇਸੇ ਕਿਸਮ ਦੀ ਹਰਕਤ ਕਰਨ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਵੇਲੇ ਵੀ ਉਸ ਨੇ ਬੱਸ ‘ਚ ਜਿਣਸੀ ਛੇੜਖਾਨੀ ਕੀਤੀ ਸੀ ਅਤੇ ਹੁਣ ਵੀ ਉਸ ਨੇ ਬੱਸ ‘ਚ ਹੀ ਅਜਿਹਾ ਕੀਤਾ। ਪੀਲ ਪੁਲਸ ਦੀ 12 ਡਵੀਜ਼ਨ ਦੇ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਵੱਲੋਂ ਵਿਸ਼ਨੂੰ ਰੋਚੇ ਨਾਂ ਦੇ ਵਿਅਕਤੀ ਨੂੰ ਬੱਸ ‘ਚ ਸਫ਼ਰ ਕਰ ਰਹੀ 25 ਸਾਲਾ ਕੁੜੀ ਨਾਲ ਜਿਣਸੀ ਛੇੜਛਾੜ ਕਰਨ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ ਹੈ। ਇਹ ਘਟਨਾ ਅਗਸਤ ਮਹੀਨੇ ਦੀ ਦੱਸੀ ਜਾ ਰਹੀ ਹੈ, ਜਦੋਂ ਪੀੜ੍ਹਤ ਕੁੜੀ ਓਂਟਾਰੀਓ ਸਟਰੀਟ/ਲੇਕਸ਼ੋਰ ਰੋਡ ‘ਤੇ ਇਕ ਬੱਸ ‘ਚ ਸਫ਼ਰ ਕਰ ਰਹੀ ਸੀ। ਇਸ ਮੁਟਿਆਰ ਮੁਤਾਬਕ ਸਫ਼ਰ ਦੌਰਾਨ ਉਸ ਦੀ ਅੱਖ ਲੱਗ ਗਈ ਪਰ ਜਦੋਂ ਅੱਖ ਖੁੱਲ੍ਹੀ ਤਾਂ ਇਹ ਵਿਅਕਤੀ ਗਲਤ ਹਰਕਤ ਕਰ ਰਿਹਾ ਸੀ। ਉਸਨੇ ਕਿਹਾ ਕਿ ਇਸ ਵਿਅਕਤੀ ਨੇ ਇਸ ਤੋਂ ਕੁਝ ਦਿਨ ਪਹਿਲਾਂ ਵੀ ਬੱਸ ਸਫ਼ਰ ਦੌਰਾਨ ਉਸ ਨਾਲ ਅਜਿਹੀ ਹਰਕਤ ਕੀਤੀ ਸੀ ਪਰ ਉਸ ਨੇ ਅਣਗੌਲਿਆ ਕਰ ਦਿੱਤਾ ਸੀ। ਕਥਿਤ ਦੋਸ਼ੀ ਦੀ ਆਉਣ ਵਾਲੇ ਸਮੇਂ ‘ਚ ਓਂਟਾਰੀਓ ਕੋਰਟ ਆਫ ਜਸਟਿਸ ‘ਚ ਪੇਸ਼ੀ ਪਵੇਗੀ। ਦੱਸਣਯੋਗ ਹੈ ਕਿ ਵਿਸ਼ਨੂੰ ਰੋਚੇ ‘ਤੇ ਸਾਲ 2016 ‘ਚ ਵੀ ਦੋ ਔਰਤਾਂ ਨਾਲ ਬੱਸ ‘ਚ ਜਿਨਸੀ ਛੇੜਛਾੜ ਕਰਨ ਦੇ ਦੋਸ਼ ਲੱਗੇ ਸਨ ਤੇ ਵਿਸ਼ਨੂੰ ਰੋਚੇ ਤਿੰਨ ਵਾਰ ਚੋਣ ਵੀ ਲੜ ਚੁੱਕਾ ਹੈ। ਛੇ ਸਾਲ ਪਹਿਲਾਂ ਉਸ ਨੇ ਮਾਰਖਮ ਸ਼ਹਿਰ ‘ਚ ਬੱਸ ਸਫ਼ਰ ਦੌਰਾਨ ਇਕ 21 ਸਾਲਾ ਕੁੜੀ ਨਾਲ ਵੀ ਜਿਣਸੀ ਛੇੜਖਾਨੀ ਕੀਤੀ ਸੀ।