ਭਾਰਤੀ ਮੂਲ ਦੇ ਸਾਫਟਵੇਅਰ ਇੰਜੀਨੀਅਰ ਅਤੇ ਸ਼ੌਕੀਨ ਫੋਟੋਗ੍ਰਾਫਰ ਕਾਰਤਿਕ ਸੁਬਰਾਮਨੀਅਮ ਨੇ ਅਮਰੀਕਾ ਵਿੱਚ ‘ਡਾਂਸ ਆਫ ਈਗਲਜ਼’ ਨਾਂ ਦੀ ਆਪਣੀ ਫੋਟੋ ਲਈ ਨੈਸ਼ਨਲ ਜੀਓਗ੍ਰਾਫਿਕ ਦਾ ਵੱਕਾਰੀ ‘ਪਿਕਚਰਜ਼ ਆਫ ਦਿ ਈਅਰ’ ਐਵਾਰਡ ਜਿੱਤਿਆ ਹੈ। ਉਨ੍ਹਾਂ ਨੂੰ ਸ਼ੁੱਕਰਵਾਰ ਨੂੰ ਇਹ ਖ਼ਿਤਾਬ ਮਿਲਿਆ ਅਤੇ ਉਨ੍ਹਾਂ ਦੀ ਇਸ ਫੋਟੋ ਨੂੰ ਲਗਭਗ 5,000 ਐਂਟਰੀਆਂ ਵਿੱਚੋਂ ਚੁਣਿਆ ਗਿਆ ਹੈ। ਉਨ੍ਹਾਂ ਨੂੰ ਮੈਗਜ਼ੀਨ ‘ਚ ਨੈਸ਼ਨਲ ਜੀਓਗ੍ਰਾਫਿਕ ਦੇ ਮਸ਼ਹੂਰ ਫੋਟੋਗ੍ਰਾਫਰਾਂ ਦੇ ਨਾਲ ਜਗ੍ਹਾ ਦਿੱਤੀ ਗਈ ਹੈ। ਇਸ ਪੁਰਸਕਾਰ ਜੇਤੂ ਫੋਟੋ ‘ਚ ਅਲਾਸਕਾ ਦੇ ਚਿਲਕਟ ਬਾਲਡ ਈਗਲ ਸੈਂਚੂਰੀ ਵਿੱਚ ‘ਸੈਲਮਨ’ ਮੱਛੀਆਂ ਦਾ ਸ਼ਿਕਾਰ ਕਰਨ ਦੌਰਾਨ ਇਕ ਬਾਜ਼ ਆਪਣੇ ਸਾਥੀਆਂ ਨੂੰ ਧਮਕਾਉਂਦਾ ਨਜ਼ਰ ਆ ਰਿਹਾ ਹੈ। ਸੁਬਰਾਮਨੀਅਮ ਨੇ ਕਿਹਾ, ‘ਹਰ ਸਾਲ ਨਵੰਬਰ ‘ਚ ਸੈਲਮਨ ਮੱਛੀਆਂ ਦਾ ਲੁਤਫ ਲੈਣ ਲਈ ਸੈਂਕੜੇ ਬਾਜ਼ ਅਲਾਸਕਾ ‘ਚ ਹੈਂਸ ਦੇ ਨੇੜੇ ਚਿਲਕਟ ਬਾਲਡ ਈਗਲ ਸੈਂਚੂਰੀ ‘ਚ ਇਕੱਠੇ ਹੁੰਦੇ ਹਨ। ਮੈਂ ਪਿਛਲੇ ਸਾਲ ਦੋ ਨਵੰਬਰ ਨੂੰ ਇਥੇ ਉਨ੍ਹਾਂ ਦੀਆਂ ਤਸਵੀਰਾਂ ਲੈਣ ਗਿਆ ਸੀ।’ ਕੈਲੀਫੋਰਨੀਆ ‘ਚ ਨੌਕਰੀ ਕਰ ਰਹੇ ਸਾਫਟਵੇਅਰ ਇੰਜੀਨੀਅਰ ਸੁਬਰਾਮਨੀਅਮ ਨੇ 2020 ‘ਚ ਮਹਾਂਮਾਰੀ ਦੇ ਕਾਰਨ ਘਰ ਬੈਠ ਜਾਣ ਤੋਂ ਬਾਅਦ ਹੀ ਵਾਈਲਡ ਲਾਈਫ ਫੋਟੋਗ੍ਰਾਫੀ ‘ਚ ਆਪਣਾ ਹੱਥ ਅਜ਼ਮਾਉਣਾ ਸ਼ੁਰੂ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਉਹ ਆਪਣੀਆਂ ਯਾਤਰਾਵਾਂ ਦੌਰਾਨ ਕੁਦਰਤੀ ਨਜ਼ਾਰਿਆਂ ਨੂੰ ਆਪਣੇ ਕੈਮਰੇ ‘ਚ ਕੈਦ ਕਰਦੇ ਸਨ।