ਅਮਰੀਕਨ ਅਖ਼ਬਾਰ ਦੇ ਭਾਰਤੀ-ਅਮਰੀਕਨ ਤੇ ਪੁਲਿਤਜ਼ਰ ਐਵਾਰਡ ਜੇਤੂ ਸੰਪਾਦਕ ਨੇ ਕੰਪਨੀ ਵੱਲੋਂ ਕੀਤੀ ਜਾਣ ਵਾਲੀ ਵੱਡੀ ਛਾਂਟੀ ਤੋਂ ਆਪਣੇ ਮੁਲਾਜ਼ਮਾਂ ਦੀਆਂ ਨੌਕਰੀਆਂ ਬਚਾਉਣ ਦੀ ਕੋਸ਼ਿਸ਼ ਤਹਿਤ ਚੜ੍ਹਦੇ ਸਾਲ ਆਪਣਾ ਅਹੁਦਾ ਛੱਡਣ ਦਾ ਐਲਾਨ ਕੀਤਾ ਹੈ। ਗੈਨੇਟ ਦੀ ਮਾਲਕੀ ਵਾਲੇ ਡੈਟਰੌਇਟ ਫਰੀ ਪ੍ਰੈੱਸ ਦੇ ਸੰਪਾਦਕ ਤੇ ਮੀਤ ਪ੍ਰਧਾਨ 69 ਸਾਲਾ ਪੀਟਰ ਭਾਟੀਆ ਨੇ ਪਿਛਲੇ ਹਫ਼ਤੇ ਮੁਲਾਜ਼ਮਾਂ ਦੀ ਇਕ ਮੀਟਿੰਗ ਦੌਰਾਨ ਆਪਣੇ ਫ਼ੈਸਲੇ ਦਾ ਐਲਾਨ ਕੀਤਾ ਜਦੋਂ ਕੰਪਨੀ ਨੇ ਲਗਾਤਾਰ ਤਿਮਾਹੀ ਘਾਟੇ ਦੀ ਸੂਚਨਾ ਦਿੱਤੀ। ਭਾਟੀਆ ਨੇ ਕਿਹਾ, ‘ਅਸੀਂ ਆਰਥਿਕ ਤੌਰ ‘ਤੇ ਇਕ ਮੁਸ਼ਕਲ ਦੌਰ ‘ਚੋਂ ਲੰਘ ਰਹੇ ਹਾਂ।’ ਭਾਟੀਆ ਦੀ ਅਖ਼ਬਾਰ ‘ਚ 110 ਮੁਲਾਜ਼ਮ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ, ‘ਕੰਪਨੀ ਛਾਂਟੀ ਦੀ ਪ੍ਰਕਿਰਿਆ ‘ਚੋਂ ਲੰਘ ਰਹੀ ਹੈ ਅਤੇ ਮੈਂ ਲਾਜ਼ਮੀ ਤੌਰ ‘ਤੇ ਹੋਰ ਨੌਕਰੀਆਂ ਬਚਾਉਣ ਲਈ ਖੁਦ ਨੂੰ ਅਹੁਦੇ ਤੋਂ ਹਟਾਉਣ ਦਾ ਫ਼ੈਸਲਾ ਕੀਤਾ ਹੈ। ਮੇਰੇ ਕੋਲ ਹੋਰ ਮੌਕੇ ਹਨ ਜੋ ਸ਼ਾਇਦ ਕਿਸੇ ਥਾਂ ਕੰਮ ਆਉਣਗੇ।’ ਜਨਵਰੀ ‘ਚ ਅਹੁਦਾ ਛੱਡਣ ਵਾਲੇ ਭਾਟੀਆ ਨੇ ਕਿਹਾ, ‘ਜੇ ਬਜਟ ‘ਚੋਂ ਮੇਰੀ ਤਨਖਾਹ ਨਾਲ ਮੁਲਾਜ਼ਮਾਂ ਦੀਆਂ ਕੁਝ ਨੌਕਰੀਆਂ ਬਚਦੀਆਂ ਹਨ ਤਾਂ ਮੈਨੂੰ ਲੱਗਦਾ ਹੈ ਕਿ ਫਰੀ ਪ੍ਰੈੱਸ ਲਈ ਇਹ ਸਹੀ ਗੱਲ ਹੈ।’ ਲਖਨਊ ਨਾਲ ਸਬੰਧਤ ਭਾਟੀਆ ਸਤੰਬਰ 2017 ‘ਚ ‘ਦਿ ਫਰੀ ਪ੍ਰੈੱਸ’ ਨਾਲ ਜੁੜੇ ਸਨ। ਡੈਟਰੌਇਟ ਫਰੀ ਪ੍ਰੈੱਸ ਨੇ ਦੱਸਿਆ ਕਿ ਭਾਟੀਆ ਨੂੰ ਬਦਲੇ ਜਾਣ ਦੀ ਅਜੇ ਕੋਈ ਰਿਪੋਰਟ ਨਹੀਂ ਹੈ ਪਰ ਅਖ਼ਬਾਰ ਦੇ ਮੁਲਾਜ਼ਮਾਂ ਦੀ ਛਾਂਟੀ ਦੀ ਸਮਾਂ-ਸੀਮਾ ਅਗਲੇ ਹਫ਼ਤੇ ਹੈ।