ਬ੍ਰਿਟਿਸ਼ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਨੇ ਟੈਕਸ ਚੋਰੀ ਅਤੇ ਮਨੀ ਲਾਂਡਰਿੰਗ ਸਬੰਧੀ ਦੋਸ਼ਾਂ ਦਾ ਸਾਹਮਣਾ ਕਰਨ ਲਈ ਵਿਚੋਲੇ ਅਤੇ ਹਥਿਆਰਾਂ ਦੇ ਸੌਦੇ ‘ਚ ਸਲਾਹਕਾਰ ਸੰਜੇ ਭੰਡਾਰੀ ਦੀ ਭਾਰਤ ਹਵਾਲਗੀ ਕਰਨ ਦਾ ਹੁਕਮ ਦਿੱਤਾ ਹੈ। ਗ੍ਰਹਿ ਮੰਤਰਾਲਾ ਦੇ ਸੂਤਰਾਂ ਮੁਤਾਬਕ ਹਵਾਲਗੀ ਦਾ ਇਹ ਹੁਕਮ ਪਿਛਲੇ ਹਫਤੇ ਦਿੱਤਾ ਗਿਆ ਅਤੇ ਭੰਡਾਰੀ ਕੋਲ ਇਸ ਮਹੀਨੇ ਦੇ ਅਖੀਰ ਤੱਕ ਲੰਡਨ ਹਾਈ ਕੋਰਟ ‘ਚ ਅਪੀਲ ਕਰਨ ਲਈ 14 ਦਿਨ ਦਾ ਸਮਾਂ ਹੈ। ਭੰਡਾਰੀ (60) ਦੇ ਖ਼ਿਲਾਫ਼ ਭਾਰਤੀ ਅਧਿਕਾਰੀਆਂ ਨੇ ਦੋ ਹਵਾਲਗੀ ਅਪੀਲਾਂ ਕੀਤੀਆਂ ਸਨ। ਪਹਿਲੀ ਅਪੀਲ ਮਨੀ ਲਾਂਡਰਿੰਗ ਨਾਲ ਸਬੰਧਤ ਸੀ ਜਦਕਿ ਦੂਸਰੀ ਟੈਕਸ ਚੋਰੀ ਨਾਲ ਸਬੰਧਤ। ਇਸ ਤੋਂ ਪਹਿਲਾਂ ਨਵੰਬਰ ‘ਚ ਬ੍ਰਿਟੇਨ ਦੀ ਇਕ ਅਦਾਲਤ ਨੇ ਫ਼ੈਸਲਾ ਦਿੱਤਾ ਸੀ ਕਿ ਭੰਡਾਰੀ ਨੂੰ ਟੈਕਸ ਚੋਰੀ ਅਤੇ ਮਨੀ ਲਾਂਡਰਿੰਗ ਦੇ ਦੋਸ਼ਾਂ ਦਾ ਸਾਹਮਣਾ ਕਰਨ ਲਈ ਇੰਡੀਆ ਹਵਾਲੇ ਕੀਤਾ ਜਾ ਸਕਦਾ ਹੈ। ਇਸ ਨਾਲ ਬ੍ਰਿਟਿਸ਼ ਸਰਕਾਰ ਨੂੰ ਭੰਡਾਰੀ ਦੀ ਹਵਾਲਗੀ ਦਾ ਹੁਕਮ ਦੇਣ ਦਾ ਰਸਤਾ ਪੱਧਰਾ ਹੋ ਗਿਆ। ਜ਼ਿਲ੍ਹਾ ਜੱਜ ਮਾਈਕਲ ਸਨੋ ਨੇ ਪਿਛਲੇ ਸਾਲ ਲੰਡਨ ਦੀ ਵੈਸਟਮਿੰਸਟਰ ਮੈਜਿਸਟਰੇਟ ਅਦਾਲਤ ‘ਚ ਇਸ ਕੇਸ ਦੀ ਸੁਣਵਾਈ ਕੀਤੀ ਸੀ ਅਤੇ ਉਨ੍ਹਾਂ ਨੇ ਫ਼ੈਸਲਾ ਸੁਣਾਇਆ ਸੀ ਕਿ ਭੰਡਾਰੀ ਦੀ ਹਵਾਲਗੀ ‘ਤੇ ਕੋਈ ਰੋਕ ਨਹੀਂ ਹੈ ਅਤੇ ਇਸ ਮਾਮਲੇ ਨੂੰ ਭਾਰਤੀ ਮੂਲ ਦੀ ਗ੍ਰਹਿ ਮੰਤਰੀ ਬ੍ਰੇਵਰਮੈਨ ਕੋਲ ਭੇਜ ਦਿੱਤਾ ਹੈ।