ਅਮਰੀਕਾ ’ਚ ਇਕ ਸੰਘੀ ਗ੍ਰੈਂਡ ਜਿਊਰੀ ਨੇ ਨਿਊਯਾਰਕ ਦੇ ਇਕ ਵਿਅਕਤੀ ਨੂੰ ਇੰਡੀਆ ਤੋਂ ਨਸ਼ੀਲੇ ਪਦਾਰਥਾਂ ਦੀ ਦਰਾਮਦ ਕਰਨ ਅਤੇ ਮਨੀ ਲਾਂਡਰਿੰਗ ਦਾ ਦੋਸ਼ੀ ਠਹਿਰਾਇਆ ਹੈ। ਨਿਊਯਾਰਕ ਸਿਟੀ ਦੇ ਕੁਈਨਜ਼ ਦੇ ਰਹਿਣ ਵਾਲੇ ਏਜਿਲ ਸੇਜ਼ੀਅਨ ਕਮਲਦਾਸ ਨੂੰ ਇਸ ਮਾਮਲੇ ’ਚ 50 ਸਾਲ ਤੱਕ ਦੀ ਕੈਦ ਹੋ ਸਕਦੀ ਹੈ। ਯੂ.ਐਸ. ਅਟਾਰਨੀ ਬ੍ਰਾਇਨ ਪੀਸ ਨੇ ਦੱਸਿਆ ਕਿ ਪ੍ਰਤੀਵਾਦੀ ਹੁਣ ਇਕ ਦੋਸ਼ੀ ਨਸ਼ਾ ਤਸਕਰ ਹੈ। ਉਸ ਨੇ ਇਨ੍ਹਾਂ ਨਸ਼ੀਲੇ ਪਦਾਰਥਾਂ ਤੋਂ ਲੱਗਣ ਵਾਲੇ ਨਸ਼ੇ ਦੀ ਲਤ ਅਤੇ ਇਨ੍ਹਾਂ ਦੀ ਦੁਰਵਰਤੋਂ ਕਾਰਨ ਹੋਣ ਵਾਲੇ ਨੁਕਸਾਨ ਦੀ ਪਰਵਾਹ ਕੀਤੇ ਬਿਨਾਂ ਨਸ਼ੀਲੇ ਪਦਾਰਥਾਂ ਦੀ ਕਾਲਾਬਾਜ਼ਾਰੀ ਕੀਤੀ ਅਤੇ ਇਸ ਤੋਂ ਪੈਸਾ ਕਮਾਇਆ। ਉਨ੍ਹਾਂ ਨੇ ਦੱਸਿਆ ਕਿ ਅੱਜ ਦੇ ਫ਼ੈਸਲੇ ’ਚ ਪ੍ਰਤੀਵਾਦੀ ਨੂੰ ਇੰਡੀਆ ਤੋਂ ਗੈਰ-ਪ੍ਰਵਾਨਿਤ ਨਸ਼ੀਲੇ ਪਦਾਰਥ ਆਯਾਤ ਕਰਨ ਅਤੇ ਇਨ੍ਹਾਂ ਨੂੰ ਦੇਸ਼ ਭਰ ਦੇ ਲੋਕਾਂ ਤੱਕ ਪਹੁੰਚਾਉਣ ਦਾ ਦੋਸ਼ੀ ਠਹਿਰਾਇਆ ਗਿਆ ਹੈ। ਸੰਘੀ ਵਕੀਲਾਂ ਦੇ ਅਨੁਸਾਰ ਕੇਸ ਮਈ 2018 ਤੋਂ ਅਗਸਤ 2019 ਤੱਕ ਦਾ ਹੈ।