ਕੈਲੀਫੋਰਨੀਆ ਸੂਬੇ ‘ਚ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਘਰ ਦੇ ਦਰਵਾਜ਼ੇ ਦੀ ਘੰਟੀ ਵਜਾ ਕੇ ਉਸ ਨਾਲ ਮਜ਼ਾਕ ਕਰਨ ਵਾਲੇ ਅੱਲੜ੍ਹ ਉਮਰ ਦੇ ਤਿੰਨ ਨੌਜਵਾਨਾਂ ਦਾ ਕਤਲ ਕਰਨ ਦਾ ਦੋਸ਼ੀ ਪਾਇਆ ਗਿਆ। ਖ਼ਬਰ ਮੁਤਾਬਕ ਰਿਵਰਸਾਈਡ ਕਾਉਂਟੀ ਨਿਵਾਸੀ ਅਨੁਰਾਗ ਚੰਦਰਾ ਨੂੰ ਕਤਲ ਦੀ ਕੋਸ਼ਿਸ਼ ਅਤੇ ਕਤਲ ਦੇ ਤਿੰਨ ਮਾਮਲਿਆਂ ‘ਚ ਦੋਸ਼ੀ ਮੰਨਿਆ ਗਿਆ। ਖ਼ਬਰ ‘ਚ ਦੱਸਿਆ ਗਿਆ ਕਿ ਇਹ ਘਟਨਾ 19 ਜਨਵਰੀ 2020 ਨੂੰ ਵਾਪਰੀ, ਜਦੋਂ ਨਾਬਾਲਗਾਂ ਦੇ ਇਕ ਸਮੂਹ ਨੇ ਮਜ਼ਾਕ ਕਰਦੇ ਹੋਏ ਚੰਦਰਾ ਦੇ ਘਰ ਦੀ ਘੰਟੀ ਵਜਾਈ। ਚੰਦਰਾ ਨੇ ਦੱਸਿਆ ਕਿ ਘੰਟੀ ਵਜਾ ਕੇ ਭੱਜਣ ਤੋਂ ਪਹਿਲਾਂ ਇਕ ਨਾਬਾਲਗ ਨੇ ਉਸ ਦਾ ਮਜ਼ਾਕ ਉਡਾਇਆ ਸੀ। ਉਸ ਨੇ ਤਿੰਨੋਂ ਨਾਬਾਲਗਾਂ ਨੂੰ ਆਪਣੀ ਕਾਰ ਨਾਲ ਕੁਚਲ ਕੇ ਮਾਰ ਦਿੱਤਾ। ਖ਼ਬਰ ‘ਚ ਦੱਸਿਆ ਗਿਆ ਕਿ ਇਸ ਘਟਨਾ ‘ਚ 16 ਸਾਲ ਦੇ ਤਿੰਨੋਂ ਨਾਬਾਲਗ ਮਾਰੇ ਗਏ ਸਨ। ਜਿਸ ਦਿਨ ਹਾਦਸਾ ਵਾਪਰਿਆ ਚੰਦਰਾ ਨੇ ਸ਼ਰਾਬ ਪੀਤੀ ਹੋਈ ਸੀ। ਉਸਨੇ ਕਿਹਾ ਕਿ ਉਹ ਮਜ਼ਾਕ ਤੋਂ ‘ਬਹੁਤ ਪਰੇਸ਼ਾਨ’ ਸੀ ਅਤੇ ਦਾਅਵਾ ਕੀਤਾ ਕਿ ਉਹ ਆਪਣੇ ਪਰਿਵਾਰ ਦੀ ਸੁਰੱਖਿਆ ਨੂੰ ਲੈ ਕੇ ਚਿੰਤਤ ਸੀ। ਉਸ ਨੇ ਸ਼ਰਾਰਤੀ ਮੁੰਡਿਆਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਦੀ ਕਾਰ ਨੂੰ ਟੱਕਰ ਮਾਰ ਸੜਕ ਤੋਂ ਇਕ ਪਾਸੇ ਡੇਗ ਦਿੱਤਾ। ਚੰਦਰਾ ਨੇ ਇਹ ਵੀ ਦੱਸਿਆ ਕਿ ਕਾਰ ਨੂੰ ਪਿੱਛੇ ਤੋਂ ਟੱਕਰ ਮਾਰਨ ਤੋਂ ਬਾਅਦ ਨਹੀਂ ਰੁਕਿਆ ਕਿਉਂਕਿ ਉਸ ਨੂੰ ਲੱਗਾ ਕਿ ਕੋਈ ਜ਼ਖਮੀ ਨਹੀਂ ਹੋਇਆ ਹੈ। ਖ਼ਬਰਾਂ ਮੁਤਾਬਕ ਹਾਦਸੇ ‘ਚ 18 ਸਾਲਾ ਡਰਾਈਵਰ ਸਮੇਤ 13 ਸਾਲਾ ਦੋ ਯਾਤਰੀ ਵਾਲ-ਵਾਲ ਬਚ ਗਏ। ਚੰਦਰਾ ਇਸ ਹਾਦਸੇ ਤੋਂ ਪਹਿਲਾਂ 2020 ‘ਚ ਘਰੇਲੂ ਹਿੰਸਾ ਦੀ ਘਟਨਾ ਦੇ ਸਬੰਧ ‘ਚ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ।