ਕੌਫੀ ਚੇਨ ਚਲਾਉਣ ਵਾਲੀ ਦੁਨੀਆ ਦੀ ਨਾਮੀ ਕੰਪਨੀ ‘ਸਟਾਰਬਕਸ’ ਨੇ ਭਾਰਤੀ ਮੂਲ ਦੇ ਲਕਸ਼ਮਣ ਨਰਸਿਮ੍ਹਨ ਨੂੰ ਨਵਾਂ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਨਿਯੁਕਤ ਕੀਤਾ ਹੈ। ਉਹ ਇਕ ਅਪ੍ਰੈਲ 2023 ਨੂੰ ਅਹੁਦਾ ਸੰਭਾਲਣਗੇ। ਉਹ ਨਿਰਦੇਸ਼ਕ ਮੰਡਲ ਦਾ ਵੀ ਹਿੱਸਾ ਹੋਣਗੇ। ਇਸ ਤੋਂ ਪਹਿਲਾਂ ਨਰਸਿਮ੍ਹਨ ਡਿਊਰੈਕਸ ਕੰਡੋਮ, ਐਨਫੈਮਿਲ ਬੇਬੀ ਫਾਰਮੂਲਾ ਮਿਲਕ ਤੇ ਮਿਊਸਿਨੇਕਸ ਕੋਲਡ ਸਿਰਪ ਬਣਾਉਣ ਵਾਲੀ ਕੰਪਨੀ ਰੇਕਿਟ ਦੇ ਸੀ.ਈ.ਓ. ਸਨ। ਹੁਣ ਤਕ ਨਰਸਿਮ੍ਹਨ ਲੰਡਨ ‘ਚ ਕੰਮ ਕਰ ਰਹੇ ਸਨ ਪਰ ਉਨ੍ਹਾਂ ਨੂੰ ਆਪਣੀ ਨਵੀਂ ਜ਼ਿੰਮੇਵਾਰੀ ਲਈ ਸਿਆਟਲ ਆਉਣਾ ਪਵੇਗਾ। ਜਦ ਤੱਕ ਨਰਸਿਮ੍ਹਨ ਸਟਾਰਬਕਸ ਨਾਲ ਨਹੀਂ ਜੁੜਦੇ ਹਨ ਤਦ ਤੱਕ ਆਰਜ਼ੀ ਸੀ.ਈ.ਓ. ਹਾਵਰਡ ਸ਼ੁਲਤਸ ਕੰਪਨੀ ਦੀ ਅਗਵਾਈ ਕਰਨਾ ਜਾਰੀ ਰੱਖਣਗੇ। ਸਟਾਰਬਕਸ ਕੁਝ ਸਮੇਂ ਤੋਂ ਕਾਫੀ ਮੁਸ਼ਕਲ ਦੌਰ ‘ਚੋਂ ਗੁਜ਼ਰ ਰਹੀ ਹੈ। ਪਿਛਲੇ ਇਕ ਸਾਲ ‘ਚ ਇਸ ਦੇ 200 ਤੋਂ ਵੱਧ ਅਮਰੀਕਨ ਸਟੋਰਾਂ ‘ਚ ਯੂਨੀਅਨਬਾਜ਼ੀ ਹਾਵੀ ਹੋ ਗਈ ਹੈ। ਇਸ ‘ਚ ਕਰਮਚਾਰੀ ਵਧਦੀ ਮਹਿੰਗਾਈ ਦੇ ਸਮੇਂ ਬਿਹਤਰ ਮਜ਼ਦੂਰੀ ਲਈ ਜ਼ੋਰ ਦੇ ਰਹੇ ਹਨ। ਮਾਹਿਰਾਂ ਦਾ ਮੰਨਣਾ ਹੈ ਕਿ ਕੰਪਨੀ ਨੂੰ ਉਸ ਦਾ ਪੁਰਾਣਾ ਮਾਣ ਇਕ ਵਾਰ ਮੁੜ ਹਾਸਲ ਹੋ ਸਕੇ ਇਸ ਲਈ ਨਰਸਿਮ੍ਹਨ ਨੂੰ ਚੁਣਿਆ ਗਿਆ ਹੈ। ਪੁਣੇ ਯੂਨੀਵਰਸਿਟੀ ਦੇ ਕਾਲਜ ਆਫ ਇੰਜੀਨੀਅਰਿੰਗ ਤੋਂ ਮਕੈਨੀਕਲ ਇੰਜੀਨੀਅਰਿੰਗ ‘ਚ ਗ੍ਰੈਜੂਏਟ ਨਰਸਿਮ੍ਹਨ ਪਹਿਲੇ ਭਾਰਤਵੰਸ਼ੀ ਨਹੀਂ ਹਨ ਜੋ ਕਿਸੇ ਅੰਤਰਰਾਸ਼ਟਰੀ ਕੰਪਨੀ ‘ਚ ਵੱਡੀ ਭੂਮਿਕਾ ਅਦਾ ਕਰਨ ਜਾ ਰਹੇ ਹਨ। ਮੌਜੂਦਾ ਸਮੇਂ ‘ਚ ਸਤਿਆ ਨਡੇਲਾ ਮਾਈਕ੍ਰੋਸਾਫਟ ਦੇ ਸੀ.ਈ.ਓ. ਹਨ। ਇਸ ਤੋਂ ਇਲਾਵਾ ਏਡੋਬ ਸੀ.ਈ.ਓ. ਸ਼ਾਂਤਨੂ ਨਾਰਾਇਣ, ਅਲਫਾਬੈਟ ਦੇ ਸੀ.ਈ.ਓ. ਸੁੰਦਰ ਪਿਚਾਈ ਤੇ ਟਵਿੱਟਰ ਦੇ ਮੁਖੀ ਪਰਾਗ ਅੱਗਰਵਾਲ ਅੰਤਰਰਾਸ਼ਟਰੀ ਕੰਪਨੀਆਂ ‘ਚ ਮੁਖੀ ਦੀ ਭੂਮਿਕਾ ਨਿਭਾਅ ਰਹੇ ਹਨ। ਇਸ ਤੋਂ ਪਹਿਲਾਂ ਇੰਦਰਾ ਨੂਈ 12 ਸਾਲਾਂ ਤੱਕ ਪੈਪਸੀਕੋ ਦੀ ਸੀ.ਈ.ਓ. ਰਹੀ।