ਭਾਰਤੀ ਮੂਲ ਦੇ ਲਿਓ ਵਰਾਡਕਰ ਸ਼ਨੀਵਾਰ ਨੂੰ ਦੂਜੀ ਵਾਰ ਆਇਰਲੈਂਡ ਦੇ ਪ੍ਰਧਾਨ ਮੰਤਰੀ ਬਣ ਗਏ। ਆਇਰਲੈਂਡ ਦੀ ਸੰਸਦ ਦੇ ਹੇਠਲੇ ਸਦਨ ਡੇਲ ਦੇ ਇਕ ਵਿਸ਼ੇਸ਼ ਸੈਸ਼ਨ ਦੌਰਾਨ ਸੰਸਦ ਮੈਂਬਰਾਂ ਨੇ ਮਾਈਕਲ ਮਾਰਟਿਨ ਦੀ ਥਾਂ ਲੈਣ ਲਈ ਵਰਾਡਕਰ ਦੇ ਨਾਮ ਨੂੰ ਮਨਜ਼ੂਰੀ ਦੇਣ ਲਈ ਵੋਟ ਦਿੱਤੀ। ਸ਼ਨੀਵਾਰ ਨੂੰ ਹੋਈ ਵੋਟਿੰਗ ‘ਚ ਸਦਨ ਦੇ ਕੁੱਲ 87 ਮੈਂਬਰਾਂ ਨੇ ਨਵੇਂ ਪ੍ਰਧਾਨ ਮੰਤਰੀ ਦੇ ਰੂਪ ‘ਚ ਉਨ੍ਹਾਂ ਦੀ ਨਾਮਜ਼ਦਗੀ ਦੇ ਪੱਖ ‘ਚ ਵੋਟਿੰਗ ਕੀਤੀ ਜਦਕਿ 62 ਨੇ ਵਿਰੋਧ ‘ਚ ਵੋਟ ਦਿੱਤਾ। ਵਰਾਡਕਰ ਦੀ ਨਿਯੁਕਤੀ ਦੀ ਪੁਸ਼ਟੀ ਆਇਰਲੈਂਡ ਦੇ ਰਾਜ ਦੇ ਪ੍ਰਧਾਨ ਮਾਈਕਲ ਡੀ ਹਿਗਿੰਸ ਦੁਆਰਾ ਮਨਜ਼ੂਰੀ ਮਿਲਣ ਤੋਂ ਬਾਅਦ ਕੀਤੀ ਗਈ ਸੀ। ਸਾਲ 2020 ‘ਚ ਆਇਰਲੈਂਡ ‘ਚ ਆਮ ਚੋਣਾਂ ਹੋਈਆਂ ਸਨ ਜਿਸ ਤੋਂ ਬਾਅਦ ਮਾਰਟੀਨ ਆਪਣੀ ਪਾਰਟੀ ‘ਫਇਏਨਾ ਫੇਲ’ ਅਤੇ ਵਰਾਡਕਰ ਦੀ ਪਾਰਟੀ ‘ਫਿਨ ਗੇਲ’ ਵਿਚਾਲੇ ਇਤਿਹਾਸਕ ਸਮਝੌਤੇ ਤੋਂ ਬਾਅਦ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਸਨ। ਇਸ ਸਮਝੌਤੇ ਤਹਿਤ ਇਹ ਤੈਅ ਹੋਇਆ ਸੀ ਕਿ ਪੰਜ ਸਾਲ ਦੇ ਕਾਰਜਕਾਲ ਦੇ ਪਹਿਲੇ ਢਾਈ ਸਾਲਾਂ ਲਈ ਮਾਰਟੀਨ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਵਰਾਡਕਰ ਉਪ ਪ੍ਰਧਾਨ ਮੰਤਰੀ ਹੋਣਗੇ। ਇਸ ਤੋਂ ਬਾਅਦ ਦੋਵੇਂ ਇਕ ਦੂਜੇ ਦੀ ਥਾਂ ਲੈਣਗੇ। 61 ਸਾਲਾ ਮਾਰਟੀਨ ਨੇ ਸ਼ਨੀਵਾਰ ਸਵੇਰੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਆਪਣਾ ਅਸਤੀਫਾ ਰਾਸ਼ਟਰਪਤੀ ਨੂੰ ਸੌਂਪ ਦਿੱਤਾ। 43 ਸਾਲਾ ਵਰਾਡਕਰ ਇਸ ਤੋਂ ਪਹਿਲਾਂ 2017 ਤੋਂ 2020 ਦਰਮਿਆਨ ਆਇਰਲੈਂਡ ਦੇ ਪ੍ਰਧਾਨ ਮੰਤਰੀ ਰਹਿ ਚੁੱਕੇ ਹਨ। ਉਹ ਦੇਸ਼ ਦੇ ਸਭ ਤੋਂ ਨੌਜਵਾਨ ਅਤੇ ‘ਗੇ’ ਪ੍ਰਧਾਨ ਮੰਤਰੀ ਬਣੇ ਸਨ। ਵਰਾਡਕਰ ਦੀ ਮਾਂ ਆਇਰਲੈਂਡ ਤੋਂ ਹੈ, ਜਦੋਂ ਕਿ ਉਸਦੇ ਪਿਤਾ ਇੰਡੀਆ ਤੋਂ ਹਨ। ਉਹ ਆਇਰਲੈਂਡ ਦੇ ਪਹਿਲੇ ਗੈਰ ਗੋਰੇ ਪ੍ਰਧਾਨ ਮੰਤਰੀ ਵੀ ਰਹਿ ਚੁੱਕੇ ਹਨ। ਲਿਓ ਵਰਾਡਕਰ ਦੇ ਪਿਤਾ ਇੰਗਲੈਂਡ ਦੀ ਨੈਸ਼ਨਲ ਹੈਲਥ ਸਰਵਿਸ ‘ਚ ਕੰਮ ਕਰਦੇ ਸਨ। ਉਹ ਮਹਾਰਾਸ਼ਟਰ ਦੇ ਸਿੰਧੂਦੁਰਗ ਜ਼ਿਲ੍ਹੇ ਦੇ ਪਿੰਡ ਵਰਦ ਦਾ ਰਹਿਣ ਵਾਲਾ ਸੀ। ਉਸਦਾ ਪਰਿਵਾਰ 1960 ਦੇ ਦਹਾਕੇ ‘ਚ ਆਇਰਲੈਂਡ ‘ਚ ਵਸ ਗਿਆ ਸੀ।