ਇਹ ਖ਼ਬਰ ਸਮੂਹ ਇੰਡੀਅਨ ਲੋਕਾਂ ਲਈ ਮਾਣ ਵਾਲੀ ਹੈ ਕਿ ਇਕ ਭਾਰਤੀ ਮੂਲ ਦਾ ਵਿਅਕਤੀ ਕੈਨੇਡਾ ਦੇ ਇਕ ਸੂਬੇ ਦਾ ਪ੍ਰੀਮੀਅਰ ਬਣਨ ਜਾ ਰਿਹਾ ਹੈ। ਇਸ ਤੋਂ ਪਹਿਲਾਂ ਪੰਜਾਬੀ ਮੂਲ ਦੇ ਉੱਜਲ ਦੋਸਾਂਝ ਪ੍ਰੀਮੀਅਰ ਬਣੇ ਸਨ। ਜਾਣਕਾਰੀ ਮੁਤਾਬਕ ਭਾਰਤੀ ਮੂਲ ਦੇ ਕੈਬਨਿਟ ਮੰਤਰੀ ਰੰਜ ਪਿੱਲਈ 14 ਜਨਵਰੀ ਨੂੰ ਕੈਨੇਡਾ ਦੇ ਯੂਕੋਨ ਸੂਬੇ ਦੇ 10ਵੇਂ ਪ੍ਰੀਮੀਅਰ ਵਜੋਂ ਸਹੁੰ ਚੁੱਕਣਗੇ। ਉਹ ਇਸ ਅਹੁਦੇ ‘ਤੇ ਰਹਿਣ ਵਾਲੇ ਦੂਜੇ ਭਾਰਤੀ-ਕੈਨੇਡੀਅਨ ਨੇਤਾ ਹੋਣਗੇ। ਪਾਰਟੀ ਨੇ ਆਪਣੀ ਵੈੱਬਸਾਈਟ ‘ਤੇ ਇਕ ਬਿਆਨ ‘ਚ ਕਿਹਾ ਕਿ ਪਿੱਲਈ ਨੂੰ 8 ਜਨਵਰੀ ਨੂੰ ਸਰਬਸੰਮਤੀ ਨਾਲ ਯੂਕੋਨ ਲਿਬਰਲ ਪਾਰਟੀ ਦਾ ਨੇਤਾ ਚੁਣਿਆ ਗਿਆ। ਪਿੱਲਈ ਦੇ ਪਰਿਵਾਰ ਦੀਆਂ ਜੜ੍ਹਾਂ ਕੇਰਲ ‘ਚ ਹਨ। ਸੱਤ ਜਨਵਰੀ ਨੂੰ ਨਾਮਜ਼ਦਗੀਆਂ ਬੰਦ ਹੋਣ ‘ਤੇ ਪਿੱਲਈ ਹੀ ਇਕਮਾਤਰ ਉਮੀਦਵਾਰ ਸਨ। ਪਿੱਲਈ ਨੇ ਟਵੀਟ ਕੀਤਾ, ‘ਮੈਨੂੰ ਯੂਕੋਨ ਲਿਬਰਲ ਪਾਰਟੀ ਦਾ ਨੇਤਾ ਚੁਣੇ ਜਾਣ ‘ਤੇ ਮਾਣ ਮਹਿਸੂਸ ਹੋ ਰਿਹਾ ਹੈ। ਸਾਡੇ ਕੋਲ ਮਾਣ ਕਰਨ ਲਈ ਬਹੁਤ ਕੁਝ ਹੈ ਅਤੇ ਮੈਂ ਯੂਕੋਨ ਦੇ ਭਵਿੱਖ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ।’ ਯੂਕੋਨ ਸਰਕਾਰ ਦੇ ਕਾਰਜਕਾਰੀ ਕੌਂਸਲ ਦਫ਼ਤਰ ਨੇ ਕਿਹਾ ਕਿ ਪਿੱਲਈ ਅਤੇ ਉਨ੍ਹਾਂ ਦੇ ਮੰਤਰੀ ਮੰਡਲ ਨੂੰ ਅਗਲੇ ਸ਼ਨੀਵਾਰ ਨੂੰ ਇਕ ਜਨਤਕ ਸਮਾਰੋਹ ‘ਚ ਸਹੁੰ ਚੁਕਾਈ ਜਾਵੇਗੀ। ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ 2000 ਤੋਂ 2001 ਦਰਮਿਆਨ ਪ੍ਰੀਮੀਅਰ ਦੇ ਅਹੁਦੇ ‘ਤੇ ਰਹੇ ਉੱਜਲ ਦੋਸਾਂਝ ਤੋਂ ਬਾਅਦ ਪਿੱਲਈ ਦੂਜੇ ਭਾਰਤੀ-ਕੈਨੇਡੀਅਨ ਹਨ। ਕੈਨੇਡਾ ਦੇ 10 ਸੂਬੇ ਅਤੇ 3 ਪ੍ਰਦੇਸ਼ ਹਨ। ਪਿੱਲਈ ਨੇ ਇਕ ਬਿਆਨ ‘ਚ ਕਿਹਾ ਕਿ ਉਹ ਸਖ਼ਤ ਮਿਹਨਤ ਕਰਨ, ਰਣਨੀਤਕ ਤੌਰ ‘ਤੇ ਕੰਮ ਕਰਨ ਅਤੇ ਯੂਕੋਨ ਦੇ ਹਿੱਤਾਂ ਦੀ ਰੱਖਿਆ ਕਰਨ ਲਈ ਵਚਨਬੱਧ ਹਨ। ਉਨ੍ਹਾਂ ਨੇ ਆਊਟਗੋਇੰਗ ਪ੍ਰੀਮੀਅਰ ਸੈਂਡੀ ਸਿਲਵਰ ਦਾ ਉਨ੍ਹਾਂ ਦੀ ‘ਲੀਡਰਸ਼ਿਪ ਅਤੇ ਸਮਰਪਣ’ ਲਈ ਧੰਨਵਾਦ ਕੀਤਾ।