ਆਰ.ਐੱਨ.ਏ. ਅਣੂਆਂ ਦੀ ਬਣਤਰ ਦੀ ਭਵਿੱਖਬਾਣੀ ਕਰਨ ਵਾਲਾ ਕੰਪਿਊਟਰ ਮਾਡਲ ਵਿਕਸਤ ਕਰਕੇ ਭਾਰਤੀ ਮੂਲ ਦੇ ਇਕ ਨੌਜਵਾਨ ਨੇ 250,000 ਡਾਲਰ ਦਾ ਵੱਕਾਰੀ ਹਾਈ ਸਕੂਲਰਜ਼ ਸਾਇੰਸ ਇਨਾਮ ਜਿੱਤਿਆ ਹੈ। ਇਹ ਮਾਡਲ ਬਿਮਾਰੀਆਂ ਦਾ ਜਲਦੀ ਨਿਦਾਨ ਕਰਨ ‘ਚ ਮਦਦ ਕਰ ਸਕਦਾ ਹੈ। 17 ਸਾਲਾ ਨੀਲ ਮੌਦਗਲ ਨੂੰ ਰੀਜਨਰੋਨ ਸਾਇੰਸ ਟੇਲੈਂਟ ਮੁਕਾਬਲੇ ਦਾ ਜੇਤੂ ਐਲਾਨਿਆ ਗਿਆ। 17 ਸਾਲਾ ਅੰਬਿਕਾ ਗਰੋਵਰ 80,000 ਡਾਲਰ ਦੇ ਪੁਰਸਕਾਰ ਲਈ ਛੇਵੇਂ ਸਥਾਨ ‘ਤੇ ਰਹੀ ਅਤੇ 18 ਸਾਲਾ ਸਿੱਧੂ ਪਚੀਪਾਲਾ 50,000 ਡਾਲਰ ਦੇ ਇਨਾਮ ਲਈ 9ਵੇਂ ਸਥਾਨ ‘ਤੇ ਰਹੀ। ਲਗਭਗ 2,000 ਹਾਈ ਸਕੂਲ ਦੇ ਵਿਦਿਆਰਥੀਆਂ ਨੇ ਸਾਇੰਸ ਟੈਲੇਂਟ ਸਰਚ ‘ਚ ਹਿੱਸਾ, ਜਿਨ੍ਹਾਂ ‘ਚੋਂ 40 ਨੂੰ ਫਾਈਨਲ ਰਾਊਂਡ ਲਈ ਚੁਣਿਆ ਗਿਆ। ਗਰੋਵਰ ਨੇ ਖੂਨ ਦੇ ਥੱਕਿਆਂ ਨੂੰ ਤੋੜਨ ਅਤੇ ਦਿਮਾਗ ‘ਚ ਖੂਨ ਦੇ ਪ੍ਰਵਾਹ ਨੂੰ ਬਹਾਲ ਕਰਕੇ ਸਟ੍ਰੋਕ ਪੀੜਤਾਂ ਦਾ ਇਲਾਜ ਕਰਨ ਲਈ ਇਕ ਇੰਜੈਕਟੇਬਲ ਮਾਈਕ੍ਰੋਬਬਲ ਵਿਕਸਿਤ ਕੀਤਾ ਹੈ। ਉਥੇ ਹੀ ਪਚੀਪਾਲਾ ਨੇ ਮਰੀਜ਼ ਦੇ ਆਤਮ ਹੱਤਿਆ ਦੇ ਜੋਖਮ ਦਾ ਮੁਲਾਂਕਣ ਕਰਨ ਲਈ ਮਸ਼ੀਨ ਲਰਨਿੰਗ ਦੀ ਵਰਤੋਂ ਕੀਤੀ ਹੈ।