ਇੰਡੀਆ ਦੇ ਜੰਮਪਲ ਅਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਬੌਟਨੀ ‘ਚ ਮਾਸਟਰਜ਼ ਕਰਨ ਵਾਲੇ ਉੱਘੇ ਵਨਸਪਤੀ ਮਾਹਿਰ ਪ੍ਰੋਫੈਸਰ ਐੱਚ. ਦੀਪ ਸੈਣੀ ਨੂੰ ਉਸ ਵੱਕਾਰੀ ਮੈਕਗਿਲ ਯੂਨੀਵਰਸਿਟੀ ‘ਚ ਵਾਈਸ ਚਾਂਸਲਰ ਤੇ ਪ੍ਰਿੰਸੀਪਲ ਨਿਯੁਕਤ ਕੀਤਾ ਗਿਆ ਹੈ ਜਿਸ ‘ਚ 10 ਹਜ਼ਾਰ ਤੋਂ ਵੱਧ ਵਿਦੇਸ਼ੀ ਵਿਦਿਆਰਥੀ ਸਿੱਖਿਆ ਹਾਸਲ ਕਰ ਰਹੇ ਹਨ। ਕੌਮਾਂਤਰੀ ਪੱਧਰ ‘ਤੇ ਮੈਕਗਿਲ ਦੁਨੀਆ ‘ਚ 31ਵੇਂ ਨੰਬਰ ਉਤੇ ਹੈ ਜਦਕਿ ਕੈਨੇਡਾ ‘ਚ ਇਹ ਸਭ ਤੋਂ ਚੋਟੀ ਦੀ ਯੂਨੀਵਰਸਿਟੀ ਹੈ। ਸੰਨ 2020 ‘ਚ ਟਾਈਮਜ਼ ਹਾਇਰ ਐਜੂਕੇਸ਼ਨ ਸੂਚੀ ‘ਚ ਮੈਕਗਿਲ ਸੰਸਾਰ ‘ਚ 23ਵੇਂ ਨੰਬਰ ਉਤੇ ਸੀ। ਵਰਤਮਾਨ ‘ਚ ਸੈਣੀ ਹੈਲੀਫੈਕਸ (ਨੋਵਾ ਸਕੋਸ਼ੀਆ) ਦੀ ਡਲਹੌਜ਼ੀ ਯੂਨੀਵਰਸਿਟੀ ਦੇ ਵੀ.ਸੀ. ਹਨ। ਉਹ ਪਹਿਲੀ ਅਪਰੈਲ 2023 ਤੋਂ ਮੈਕਗਿਲ ਦੇ ਵਾਈਸ ਚਾਂਸਲਰ ਵਜੋਂ ਅਹੁਦਾ ਸੰਭਾਲਣਗੇ। ਉਹ ਯੂਨੀਵਰਸਿਟੀ ਦੇ ਖੇਤੀਬਾੜੀ ਤੇ ਵਾਤਾਵਰਨ ਵਿਗਿਆਨ ਬਾਰੇ ਵਿਭਾਗ ‘ਚ ਪ੍ਰੋਫੈਸਰ ਵਜੋਂ ਵੀ ਸੇਵਾਵਾਂ ਦੇਣਗੇ। ਪੀ.ਏ.ਯੂ. ਲੁਧਿਆਣਾ ਤੋਂ ਬੌਟਨੀ ‘ਚ ਮਾਸਟਰਜ਼ ਕਰਨ ਮਗਰੋਂ ਉਹ ਆਸਟਰੇਲੀਆ ਚਲੇ ਗਏ ਜਿੱਥੇ ਉਨ੍ਹਾਂ ਯੂਨੀਵਰਸਿਟੀ ਆਫ਼ ਐਡੀਲੇਡ ਤੋਂ ‘ਪਲਾਂਟ ਫਿਜ਼ੀਓਲੌਜੀ’ ਵਿੱਚ ਪੀਐੱਚ.ਡੀ ਕੀਤੀ। ਯੂਨੀਵਰਸਿਟੀ ਆਫ ਅਲਬਰਟਾ ਤੋਂ ਉਨ੍ਹਾਂ ਪੋਸਟ ਡਾਕਟਰੇਟ ਕੀਤੀ ਹੈ। ਇਸ ਵੱਡੇ ਮੁਕਾਮ ‘ਤੇ ਪਹੁੰਚਣ ਵਾਲੇ ਚੋਣਵੇਂ ਪੰਜਾਬੀਆਂ ‘ਚੋਂ ਸੈਣੀ ‘ਤੇ ਪੰਜਾਬ ਨੂੰ ਹੀ ਨਹੀਂ ਸਗੋਂ ਇੰਡੀਆ ਨੂੰ ਮਾਣ ਹੈ।