ਅਮਰੀਕਾ ‘ਚ ਰਾਸ਼ਟਰਪਤੀ ਚੋਣ ‘ਚ ਐਤਕੀਂ ਭਾਰਤੀ ਮੂਲ ਦੇ ਕਿਸੇ ਅਮਰੀਕਨ ਦੇ ਚੋਣ ਮੈਦਾਨ ‘ਚ ਨਿੱਤਰਨ ਦੇ ਆਸਾਰ ਬਣ ਗਏ ਹਨ। ਸਾਊਥ ਕੈਰੋਲੀਨਾ ਦੀ ਸਾਬਕਾ ਗਵਰਨਰ ਅਤੇ ਸੰਯੁਕਤ ਰਾਸ਼ਟਰ ਦੀ ਸਫ਼ੀਰ ਨਿੱਕੀ ਹੇਲੀ (51) ਨੇ ਰਾਸ਼ਟਰਪਤੀ ਚੋਣਾਂ ਲਈ ਰਿਪਬਲਿਕਨ ਪਾਰਟੀ ‘ਚ ਆਪਣੀ ਉਮੀਦਵਾਰੀ ਦਾ ਐਲਾਨ ਕਰ ਦਿੱਤਾ ਹੈ। ਉਹ 2024 ਲਈ ਰਿਪਬਲਿਕ ਨਾਮਜ਼ਦਗੀ ਲਈ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਚੁਣੌਤੀ ਦੇਵੇਗੀ। ਉਧਰ ਭਾਰਤੀ-ਅਮਰੀਕੀ ਰਿਪਬਲਿਕਨ ਅਤੇ ਕਾਰੋਬਾਰੀ ਵਿਵੇਕ ਰਾਮਾਸਵਾਮੀ ਵੀ ਮੈਦਾਨ ‘ਚ ਉਤਰਨ ਦੀ ਤਿਆਰੀ ਕਰ ਰਹੇ ਹਨ। ਕਰੀਬ ਦੋ ਸਾਲ ਪਹਿਲਾਂ ਨਿੱਕੀ ਹੇਲੀ ਨੇ ਕਿਹਾ ਸੀ ਕਿ ਉਹ ਵ੍ਹਾਈਟ ਹਾਊਸ ਦੀ ਦੌੜ ਲਈ ਆਪਣੇ ਸਾਬਕਾ ਬੌਸ ਟਰੰਪ ਨੂੰ ਚੁਣੌਤੀ ਨਹੀਂ ਦੇਵੇਗੀ। ਪਰ ਪਿਛਲੇ ਕੁਝ ਮਹੀਨਿਆਂ ‘ਚ ਉਸ ਨੇ ਆਪਣੀ ਯੋਜਨਾ ਬਦਲ ਲਈ ਹੈ। ਉਸ ਨੇ ਕਿਹਾ ਕਿ ਉਹ ਦੇਸ਼ ਦੀ ਮਾੜੀ ਆਰਥਿਕਤਾ ਅਤੇ ਨਵੀਂ ਪੀੜ੍ਹੀ ਨੂੰ ਅੱਗੇ ਲਿਆਉਣ ਦੀਆਂ ਕੋਸ਼ਿਸ਼ਾਂ ਕਰੇਗੀ। ਨਿੱਕੀ ਹੇਲੀ ਪਹਿਲੀ ਰਿਪਬਲਿਕਨ ਬਣ ਗਈ ਹੈ ਜੋ ਆਉਂਦੇ ਮਹੀਨਿਆਂ ‘ਚ ਰਾਸ਼ਟਰਪਤੀ ਉਮੀਦਵਾਰ ਦੀ ਨਾਮਜ਼ਦਗੀ ਲਈ ਆਪਣਾ ਚੋਣ ਪ੍ਰਚਾਰ ਸ਼ੁਰੂ ਕਰੇਗੀ। ਭਾਰਤੀ ਮੂਲ ਦੇ ਵਿਵੇਕ ਰਾਮਾਸਵਾਮੀ 2024 ‘ਚ ਅਮਰੀਕਨ ਰਾਸ਼ਟਰਪਤੀ ਦੀ ਚੋਣ ਲੜਨ ਬਾਰੇ ਵਿਚਾਰ ਕਰ ਰਹੇ ਹਨ। ਜੇਕਰ ਵਿਵੇਕ ਰਾਮਾਸਵਾਮੀ ਅਮਰੀਕਨ ਰਾਸ਼ਟਰਪਤੀ ਚੋਣ ਲਈ ਆਪਣੀ ਉਮੀਦਵਾਰੀ ਦਾ ਐਲਾਨ ਕਰਦੇ ਹਨ ਤਾਂ ਭਾਰਤੀ ਮੂਲ ਦੇ ਦੋ ਲੋਕ ਇਸ ਦੌੜ ‘ਚ ਸ਼ਾਮਲ ਹੋਣਗੇ। ਵਿਵੇਕ ਰਾਮਾਸਵਾਮੀ (37) ਇਕ ਕਰੋੜਪਤੀ ਕਾਰੋਬਾਰੀ ਹਨ ਅਤੇ ਮੌਜੂਦਾ ਸਮੇਂ ‘ਚ ਉਹ ਰਾਸ਼ਟਰਪਤੀ ਦੇ ਅਹੁਦੇ ਲਈ ਚੋਣ ਲੜਨ ਦੀਆਂ ਆਪਣੀਆਂ ਸੰਭਾਵਨਾਵਾਂ ਦਾ ਪਤਾ ਲਗਾ ਰਹੇ ਹਨ। ਅਮਰੀਕਨ ਸੂਬੇ ਆਇਓਵਾ ‘ਚ ਉਹ ਇਸ ਸਬੰਧੀ ਕਈ ਪ੍ਰੋਗਰਾਮ ਆਯੋਜਿਤ ਕਰਨਗੇ। ਰਾਮਾਸਵਾਮੀ ਨੇ ਕਿਹਾ ਕਿ ਉਹ ਇਸ ਬਾਰੇ ਗੰਭੀਰਤਾ ਨਾਲ ਸੋਚ ਰਹੇ ਹਨ। ਰਾਮਾਸਵਾਮੀ ਦਾ ਕਹਿਣਾ ਹੈ ਕਿ ਉਹ ਵਿਚਾਰ ਆਧਾਰਿਤ ਮੁਹਿੰਮ ਸ਼ੁਰੂ ਕਰਨ ‘ਤੇ ਧਿਆਨ ਦੇ ਰਹੇ ਹਨ। ਵਿਵੇਕ ਰਾਮਾਸਵਾਮੀ ਦੇ ਪਿਤਾ ਜਨਰਲ ਇਲੈਕਟ੍ਰਿਕ ਇੰਜੀਨੀਅਰ ਸਨ ਅਤੇ ਇੰਡੀਆ ਤੋਂ ਅਮਰੀਕਾ ਆਏ ਸਨ। ਰਾਮਾਸਵਾਮੀ ਦੀ ਮਾਂ ਮਨੋਵਿਗਿਆਨੀ ਸੀ। ਰਾਮਾਸਵਾਮੀ ਦਾ ਜਨਮ ਅਮਰੀਕਾ ਦੇ ਸਿਨਸਿਨਾਟੀ ‘ਚ ਹੋਇਆ ਸੀ। ਹਾਰਵਰਡ ਅਤੇ ਯੇਲ ਯੂਨੀਵਰਸਿਟੀ ਤੋਂ ਪੜ੍ਹੇ ਵਿਵੇਕ ਰਾਮਾਸਵਾਮੀ ਦੀ ਜਾਇਦਾਦ 50 ਕਰੋੜ ਡਾਲਰ ਦੇ ਕਰੀਬ ਹੈ। ਵਿਵੇਕ ਰਾਮਾਸਵਾਮੀ ਇਕ ਬਾਇਓਟੈਕ ਕੰਪਨੀ ਦੇ ਮਾਲਕ ਹਨ।