ਅਮਰੀਕਾ ਦੇ ਨੇਵਾਡਾ ‘ਚ ਕ੍ਰਿਸਮਿਸ ਮੌਕੇ ਵਾਪਰੇ ਇਕ ਕਾਰ ਹਾਦਸੇ ‘ਚ ਭਾਰਤੀ ਮੂਲ ਦੇ ਦੋ ਸਾਲਾ ਬੱਚੇ ਦੀ ਮੌਤ ਹੋ ਗਈ ਜਦੋਂਕਿ ਉਸ ਦੀ ਮਾਂ ਅਮਰੀਕਾ ਦੇ ਇਕ ਹਸਪਤਾਲ ‘ਚ ਜ਼ਿੰਦਗੀ ਲਈ ਲੜ ਰਹੀ ਹੈ। ਲਾਸ ਵੇਗਾਸ ਰਿਵਿਊ ਜਰਨਲ ਅਖ਼ਬਾਰ ‘ਚ ਛਪੀ ਖ਼ਬਰ ਅਨੁਸਾਰ ਕੈਲੀਫੋਰਨੀਆ ਦੇ ਇਰਵਿਨ ਨਿਵਾਸੀ ਆਰਵ ਮੁਥਿਆਲਾ ਦੀ ਕਾਰ ਹਾਦਸੇ ‘ਚ ਸਿਰ ‘ਚ ਗੰਭੀਰ ਸੱਟ ਲੱਗਣ ਕਾਰਨ ਮੌਤ ਹੋ ਗਈ। ਪਰਿਵਾਰ ਦੀ ਮਦਦ ਲਈ ਬਣਾਏ ਗਏ ਗੋਫੰਡਮੀ ਪੇਜ ਦੇ ਅਨੁਸਾਰ ਸ਼ਰਵਿਆ ਮੁਥਿਆਲਾ, ਉਸਦੇ ਪਤੀ ਰਵਿੰਦਰ ਮੁਥਿਆਲਾ ਅਤੇ ਪੁੱਤਰ ਆਰਵ ਲਾਸ ਵੇਗਾਸ ਤੋਂ ਵਾਪਸ ਆਉਂਦੇ ਸਮੇਂ ਇਕ ਘਾਤਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਨੇਵਾਡਾ ਸਟੇਟ ਪੁਲੀਸ ਹਾਈਵੇ ਪੈਟਰੋਲ ਦੇ ਅਨੁਸਾਰ ਇਹ ਹਾਦਸਾ ਕਲਾਰਕ ਕਾਉਂਟੀ ਦੀ ਇਕ ਪ੍ਰਮੁੱਖ ਸੜਕ ਲਾਸ ਵੇਗਾਸ ਬੁਲੇਵਾਰਡ ਵਿਖੇ ਵਾਪਰਿਆ। ਫੰਡਰੇਜ਼ਰ ਪੇਜ ਮੁਤਾਬਕ ਰਵਿੰਦਰ ਮੁਥਿਆਲਾ ਮਾਮੂਲੀ ਸੱਟਾਂ ਨਾਲ ਹਾਦਸੇ ‘ਚ ਬਚ ਗਿਆ। ਨੇਵਾਡਾ ਹਾਈਵੇ ਪੈਟਰੋਲ ਦੇ ਅਨੁਸਾਰ ਪੁਲੀਸ ਲਾਸ ਵੇਗਾਸ ਬੁਲੇਵਾਰਡ ਸਾਊਥ ‘ਤੇ ਮੀਲ ਮਾਰਕਰ 12 ਦੇ ਨੇੜੇ ਵਾਪਰੇ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਸੈਵਨ ਮੈਜਿਕ ਮਾਉਂਟੇਨ ਸੈਲਾਨੀਆਂ ਅਤੇ ਸਥਾਨਕ ਲੋਕਾਂ ‘ਚ ਇਕ ਪ੍ਰਸਿੱਧ ਸਥਾਨ ਹੈ।