ਬ੍ਰਿਟੇਨ ‘ਚ ਇਕ ਭਾਰਤੀ ਮੂਲ ਦੇ ਡਰਾਈਵਰ ਨੂੰ ਇਕ ਗਰਭਵਤੀ ਔਰਤ ਅਤੇ ਉਸ ਦੇ ਪਿਤਾ ਦੀ ਮੌਤ ਦਾ ਕਾਰਨ ਬਣਨ ਦੇ ਦੋਸ਼ ‘ਚ 16 ਸਾਲ ਦੀ ਸਜ਼ਾ ਸੁਣਾਈ ਗਈ ਹੈ। ਦਰਅਸਲ ਉਸ ਨੇ ਆਪਣੀ ਕਾਰ ਨਾਲ ਪਰਿਵਾਰ ਦੇ 5 ਮੈਂਬਰਾਂ ਨੂੰ ਟੱਕਰ ਮਾਰ ਦਿੱਤੀ ਸੀ। ਇਸ 31 ਸਾਲਾ ਡਰਾਈਵਰ ਨਿਤੇਸ਼ ਬਿਸੈਂਡਰੀ ਨੇ 10 ਅਗਸਤ ਨੂੰ ਲੀਓਪੋਲਡ ਸਟਰੀਟ ਰਾਮਸਗੇਟ, ਇੰਗਲੈਂਡ ‘ਚ ਆਪਣੀ ਕਾਰ ਤੋਂ ਕੰਟਰੋਲ ਗੁਆ ਦਿੱਤਾ ਸੀ, ਜਿਸ ਕਾਰਨ 81 ਸਾਲਾ ਯੋਰਾਮ ਹਰਸ਼ਫੀਲਡ ਅਤੇ ਉਸਦੀ ਗਰਭਵਤੀ ਧੀ ਨੋਗਾ ਸੇਲਾ (37) ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸੇਲਾ ਦਾ ਪਤੀ, ਉਨ੍ਹਾਂ ਦਾ 6 ਸਾਲ ਦਾ ਪੁੱਤਰ ਅਤੇ 8 ਸਾਲ ਦੀ ਧੀ, ਇਸ ਹਾਦਸੇ ‘ਚ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ ਸਨ। ਬਿਸੈਂਡਰੀ ਦੀ ਕਾਰ ਨੇ ਪਰਿਵਾਰ ਦੀ ਕਾਰ ਨਾਲ ਨੂੰ ਟੱਕਰ ਮਾਰ ਦਿੱਤੀ ਸੀ। ਕੈਂਟ ਪੁਲੀਸ ਦੇ ਇਕ ਬਿਆਨ ‘ਚ ਕਿਹਾ ਕਿ, ‘ਹਾਈਲੈਂਡਸ ਗਲੇਡ ਦੇ ਬਿਸੈਂਡਰੀ ਨੇ ਲਾਪਰਵਾਹੀ ਨਾਲ ਡਰਾਈਵਿੰਗ ਕਾਰਨ ਹੋਈਆਂ ਮੌਤਾਂ ਦੇ ਇਲਜ਼ਾਮ ਨੂੰ ਸਵੀਕਾਰ ਕੀਤਾ ਹੈ ਪਰ ਖ਼ਤਰਨਾਕ ਡਰਾਈਵਿੰਗ ਨਾਲ ਗੰਭੀਰ ਸੱਟਾਂ ਲੱਗਣ ਅਤੇ ਮੌਤਾਂ ਦਾ ਕਾਰਨ ਬਣਨ ਦੇ ਗੰਭੀਰ ਅਪਰਾਧ ਤੋਂ ਇਨਕਾਰ ਕੀਤਾ।’ ਕੈਂਟਰਬਰੀ ਕਰਾਊਨ ਕੋਰਟ ‘ਚ ਸੁਣਵਾਈ ਤੋਂ ਬਾਅਦ ਵੀਰਵਾਰ ਨੂੰ ਉਸ ਨੂੰ ਦੋਸ਼ੀ ਠਹਿਰਾਇਆ ਗਿਆ। ਪੁਲੀਸ ਬਿਆਨ ‘ਚ ਕਿਹਾ ਗਿਆ ਹੈ ਕਿ ਉਸ ਦੀ ਰਿਹਾਈ ਤੋਂ ਬਾਅਦ ਉਸ ਨੂੰ 10 ਸਾਲਾਂ ਲਈ ਡਰਾਈਵਿੰਗ ਕਰਨ ਤੋਂ ਵੀ ਅਯੋਗ ਕਰਾਰ ਦਿੱਤਾ ਜਾਵੇਗਾ। ਅਦਾਲਤ ਨੇ ਸੁਣਿਆ ਕਿ ਕਿਵੇਂ ਬਿਸੈਂਡਰੀ ਸ਼ੁਰੂ ‘ਚ ਪੈਦਲ ਭੱਜਣ ਤੋਂ ਬਾਅਦ ਘਟਨਾ ਵਾਲੀ ਥਾਂ ‘ਤੇ ਵਾਪਸ ਆਇਆ। ਹਾਲਾਂਕਿ ਉਸਨੇ ਗ੍ਰਿਫ਼ਤਾਰੀ ਤੋਂ ਬਾਅਦ ਫਾਲੋ-ਅਪ ਬਲੱਡ ਟੈਸਟ ਦੇਣ ਤੋਂ ਇਨਕਾਰ ਕਰ ਦਿੱਤਾ। ਬਿਸੈਂਡਰੀ ਨੇ ਦਾਅਵਾ ਕੀਤਾ ਕਿ ਉਸ ਦੇ ਵਾਹਨ ‘ਚ ਨੁਕਸ ਸੀ ਜਿਸ ਨੂੰ ਉਹ ਠੀਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸ ਕਾਰਨ ਉਸ ਨੇ ਟੱਕਰ ਤੋਂ ਕੁਝ ਪਲ ਪਹਿਲਾਂ ਆਪਣੀਆਂ ਅੱਖਾਂ ਸੜਕ ਤੋਂ ਹਟਾ ਲਈਆਂ।