ਡਰੱਗ ਤਸਕਰੀ ਦੇ ਇਕ ਕੇਸ ’ਚ ਸਿੰਗਾਪੁਰ ਦੀ ਸਿਖਰਲੀ ਅਦਾਲਤ ਨੇ ਭਾਰਤੀ ਮੂਲ ਦੇ ਮਲੇਸ਼ੀਅਨ ਨੌਜਵਾਨ ਕਲਵੰਤ ਸਿੰਘ ਨੂੰ ਫਾਂਸੀ ਦੀ ਸਜ਼ਾ ਦਿੱਤੀ ਹੈ। ਆਖਰੀ ਸਮੇਂ ’ਚ ਰਾਹਤ ਨਾ ਮਿਲਣ ਕਾਰਨ ਵੀਰਵਾਰ ਨੂੰ ਫਾਂਸੀ ਦੀ ਸਜ਼ਾ ਦੇ ਦਿੱਤੀ ਗਈ। 31 ਸਾਲਾ ਕਲਵੰਤ ਸਿੰਘ ਨੂੰ 2013 ’ਚ 60.15 ਗ੍ਰਾਮ ਡਾਇਮੋਰਫਿਨ ਰੱਖਣ ਅਤੇ 120.9 ਗ੍ਰਾਮ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਨੂੰ ਅਦਾਲਤ ਨੇ 2016 ’ਚ ਦੋਸ਼ੀ ਕਰਾਰ ਦਿੱਤਾ ਸੀ। ਸਿੰਗਾਪੁਰ ਦੇ ਅਧਿਕਾਰੀਆਂ ਨੇ 30 ਜੂਨ ਨੂੰ ਸਿੰਘ ਨੂੰ ਮੌਤ ਦੀ ਸਜ਼ਾ ਦਾ ਨੋਟਿਸ ਜਾਰੀ ਕੀਤਾ ਸੀ ਅਤੇ ਸਜ਼ਾ 7 ਜੁਲਾਈ ਨੂੰ ਸਜ਼ਾ ਹੋਣੀ ਸੀ, ਜਿਸ ਨੂੰ ਰੋਕਣ ਲਈ ਬੁੱਧਵਾਰ ਨੂੰ ਕੁਆਲਾਲੰਪੁਰ ’ਚ ਸਿੰਗਾਪੁਰ ਹਾਈ ਕਮਿਸ਼ਨ ਦੇ ਸਾਹਮਣੇ ਪ੍ਰਦਰਸ਼ਨ ਕਰਨ ਲਈ ਮਨੁੱਖੀ ਅਧਿਕਾਰ ਕਾਰਕੁਨ ਇਕੱਠੇ ਹੋਏ ਸਨ। ਮਲੇਸ਼ੀਆ ਦੇ ਅਖ਼ਬਾਰ ਦ ਸਟਾਰ ’ਚ ਪ੍ਰਕਾਸ਼ਿਤ ਖ਼ਬਰ ਮੁਤਾਬਕ ਮਨੁੱਖੀ ਅਧਿਕਾਰ ਕਾਰਕੁਨ ਕਰਸਟਨ ਹੈਨ ਨੇ ਕਲਵੰਤ ਸਿੰਘ ਨੂੰ ਦਿੱਤੀ ਗਈ ਮੌਤ ਦੀ ਸਜ਼ਾ ਦੀ ਪੁਸ਼ਟੀ ਕੀਤੀ। ਕਲਵੰਤ ਸਿੰਘ ਤੋਂ ਇਲਾਵਾ ਸਿੰਗਾਪੁਰ ਦੀ ਚਾਂਗੀ ਜੇਲ੍ਹ ’ਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਦੋਸ਼ ’ਚ ਨੋਰਾਸ਼ਰੀ ਗ਼ੌਸ ਨੂੰ ਵੀ ਮੌਤ ਦੀ ਸਜ਼ਾ ਸੁਣਾਈ ਗਈ। ਕਲਵੰਤ ਸਿੰਘ ਨੇ ਫਾਂਸੀ ਤੋਂ ਇਕ ਦਿਨ ਪਹਿਲਾਂ ਸਜ਼ਾ ਮੁਆਫ ਕਰਨ ਦੀ ਅਪੀਲ ਕੀਤੀ ਸੀ ਅਤੇ ਕਿਹਾ ਸੀ ਕਿ ਉਸ ਨੇ ਸਿਰਫ਼ ਨਸ਼ੀਲੇ ਪਦਾਰਥ ਸਪਲਾਈ ਕੀਤੇ ਸਨ ਅਤੇ ਪੁਲੀਸ ਨੂੰ ਸਹਿਯੋਗ ਦਿੱਤਾ ਸੀ ਪਰ ਅਦਾਲਤ ਨੇ ਉਸ ਦੀਆਂ ਦਲੀਲਾਂ ਨੂੰ ਰੱਦ ਕਰ ਦਿੱਤਾ। ਇਸ ਤੋਂ ਪਹਿਲਾਂ ਅਪ੍ਰੈਲ ਮਹੀਨੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਇਕ ਮਾਮਲੇ ’ਚ ਦੋਸ਼ੀ ਠਹਿਰਾਏ ਗਏ 34 ਸਾਲਾ ਭਾਰਤੀ ਮੂਲ ਦੇ ਮਲੇਸ਼ੀਅਨ ਵਿਅਕਤੀ ਨਾਗੇਂਦਰਨ ਧਰਮਲਿੰਗਮ ਨੂੰ ਫਾਂਸੀ ਦਿੱਤੀ ਗਈ ਸੀ। ਸਿੰਗਾਪੁਰ ’ਚ 15 ਗ੍ਰਾਮ ਤੋਂ ਵੱਧ ਨਸ਼ੀਲਾ ਪਦਾਰਥ ਰੱਖਣ ’ਤੇ ਫਾਂਸੀ ਦੀ ਸਜ਼ਾ ਦੀ ਵਿਵਸਥਾ ਹੈ।