ਇੰਡੋ-ਅਮਰੀਕਨ ਸਿੱਖਿਆ ਸ਼ਾਸਤਰੀ ਸੁਨੀਲ ਕੁਮਾਰ ਨੂੰ ਮੈਸੇਚਿਉਸੇਟਸ ਸਥਿਤ ਟਫਟਸ ਯੂਨੀਵਰਸਿਟੀ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਹ ਇਸ ਅਹੁਦੇ ‘ਤੇ ਪਹੁੰਚਣ ਵਾਲੇ ਪਹਿਲੇ ਗੈਰ-ਗੋਰੇ ਵਿਅਕਤੀ ਹਨ। ਯੂਨੀਵਰਸਿਟੀ ਵੱਲੋਂ ਜਾਰੀ ਬਿਆਨ ‘ਚ ਇਹ ਜਾਣਕਾਰੀ ਦਿੱਤੀ ਗਈ ਹੈ। ਬਿਆਨ ਮੁਤਾਬਕ ਵਰਤਮਾਨ ‘ਚ ਜੌਨਸ ਹੌਪਕਿੰਸ ਯੂਨੀਵਰਸਿਟੀ ‘ਚ ਅਕਾਦਮਿਕ ਮਾਮਲਿਆਂ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਪ੍ਰੋਵੋਸਟ ਦੇ ਅਹੁਦੇ ‘ਤੇ ਤਾਇਨਜ ਕੁਮਾਰ ਨੂੰ ਟਫਟਸ ਯੂਨੀਵਰਸਿਟੀ ਦੇ ਟਰੱਸਟੀ ਬੋਰਡ ਵੱਲੋਂ ਅਗਲੇ ਪ੍ਰਧਾਨ ਵਜੋਂ ਨਾਮਜ਼ਦ ਕੀਤਾ ਗਿਆ ਹੈ। ਇਸ ‘ਚ ਕਿਹਾ ਗਿਆ ਹੈ ਕਿ ਉਹ 1 ਜੁਲਾਈ 2023 ਨੂੰ ਟਫਟਸ ਯੂਨੀਵਰਸਿਟੀ ਦੇ 14ਵੇਂ ਪ੍ਰਧਾਨ ਵਜੋਂ ਐਂਥਨੀ ਮੋਨਾਕੋ ਦੀ ਥਾਂ ਲੈਣਗੇ। ਬਿਆਨ ‘ਚ ਕਿਹਾ ਗਿਆ ਹੈ ਕਿ ਕੁਮਾਰ ਇਹ ਅਹੁਦਾ ਸੰਭਾਲਣ ਵਾਲੇ ਪਹਿਲੇ ਗੈਰ-ਗੋਰੇ ਵਿਅਕਤੀ ਹੋਣਗੇ। ਬੋਰਡ ਆਫ਼ ਟਰੱਸਟੀਜ਼ ਦੇ ਚੇਅਰਮੈਨ ਅਤੇ ਪ੍ਰੈਜ਼ੀਡੈਂਸ਼ੀਅਲ ਸਰਚ ਕਮੇਟੀ ਦੇ ਚੇਅਰਮੈਨ ਪੀਟਰ ਡੋਲਨ ਨੇ ਕਿਹਾ ਕਿ ਕੁਮਾਰ ਦਾ ਇਕ ਨੇਤਾ, ਸਿੱਖਿਅਕ ਅਤੇ ਸਹਿਯੋਗੀ ਦੇ ਤੌਰ ‘ਤੇ ਬਹੁਤ ਮਜ਼ਬੂਤ ਰਿਕਾਰਡ ਹੈ। ਇੰਡੀਆ ‘ਚ ਜਨਮੇ ਕੁਮਾਰ ਇਕ ਪੁਲੀਸ ਅਧਿਕਾਰੀ ਦੇ ਪੁੱਤਰ ਹਨ ਅਤੇ ਇਸ ਤੋਂ ਪਹਿਲਾਂ ਉਹ ਯੂਨੀਵਰਸਿਟੀ ਆਫ ਸ਼ਿਕਾਗੋ ਬੂਥ ਸਕੂਲ ਆਫ਼ ਬਿਜ਼ਨੈੱਸ ਦੇ ਡੀਨ ਰਹਿ ਚੁੱਕੇ ਹਨ। ਕੁਮਾਰ ਮੈਂਗਲੋਰ ਯੂਨੀਵਰਸਿਟੀ ਤੋਂ ਇੰਜੀਨੀਅਰਿੰਗ ਗ੍ਰੈਜੂਏਟ ਹਨ ਅਤੇ ਬੈਂਗਲੁਰੂ ਸਥਿਤ ਇੰਡੀਅਨ ਇੰਸਟੀਚਿਊਟ ਆਫ਼ ਸਾਇੰਸ ਤੋਂ ਕੰਪਿਊਟਰ ਵਿਗਿਆਨ ਅਤੇ ਆਟੋਮੇਸ਼ਨ ‘ਚ ਮਾਸਟਰ ਡਿਗਰੀ ਪ੍ਰਾਪਤ ਕੀਤੀ ਹੈ। ਕੁਮਾਰ ਨੇ ਸਾਲ 1996 ‘ਚ ਇਲੀਨੋਇਸ ਯੂਨੀਵਰਸਿਟੀ ਤੋਂ ਪੀਐੱਚ.ਡੀ ਕੀਤੀ। ਕੁਮਾਰ ਦਾ ਅਕਾਦਮਿਕ ਕਰੀਅਰ ਸਟੈਨਫੋਰਡ ਗ੍ਰੈਜੂਏਟ ਸਕੂਲ ਆਫ ਬਿਜ਼ਨੈੱਸ ਤੋਂ ਸ਼ੁਰੂ ਹੋਇਆ ਜਿੱਥੇ ਉਨ੍ਹਾਂ ਨੇ 12 ਸਾਲ ਪੜ੍ਹਾਈ ਕੀਤੀ। ਆਪਣੇ ਬਿਆਨ ਚ ਕੁਮਾਰ ਨੇ ਕਿਹਾ ਕਿ ਨਵੇਂ ਪ੍ਰਧਾਨ ਵਜੋਂ ਉਨ੍ਹਾਂ ਦੀ ਤਰਜੀਹ ਅਜਿਹਾ ਰਾਹ ਵਿਕਸਿਤ ਕਰਨ ਦੀ ਹੋਵੇਗੀ ਕਿ ਵੱਧ ਤੋਂ ਵੱਧ ਸਰੋਤਾਂ ਨੂੰ ਯਕੀਨਾ ਕਰਕੇ ਟਫਟਸ ਨੂੰ ਜਿੰਨਾ ਸੰਭਵ ਹੋ ਸਕੇ ਵਿੱਤੀ ਤੌਰ ‘ਤੇ ਕਿਫਾਇਤੀ ਬਣਾਇਆ ਦਾ ਸਕੇ। ਟਫਟਸ ਦੀ ਵੈੱਬਸਾਈਟ ‘ਤੇ ਪੋਸਟ ਕੀਤੇ ਗਏ ਇਕ ਵੀਡੀਓ ‘ਚ ਕੁਮਾਰ ਨੇ ਕਿਹਾ ਕਿ ਜੇਕਰ ਇਲੀਨੋਇਸ ਯੂਨੀਵਰਸਿਟੀ ‘ਚ ਗ੍ਰੈਜੂਏਟ ਵਿਦਿਆਰਥੀ ਰਹਿਣ ਦੌਰਾਨ ਉਨ੍ਹਾਂ ਨੂੰ ਪੂਰੀ ਵਿੱਤੀ ਸਹਾਇਤਾ ਨਾ ਮਿਲੀ ਹੁੰਦੀ ਤਾਂ ਉਨ੍ਹਾਂ ਨੂੰ ਇਹ ਅਹੁਦਾ ਆਪਣੀ ਜ਼ਿੰਦਗੀ ‘ਚ ਕਦੇ ਵੀ ਹਾਸਲ ਨਾ ਹੁੰਦਾ।