ਇੰਡੋ-ਅਮਰੀਕਨ ਸਾਫਟਵੇਅਰ ਅਤੇ ਰੋਬੋਟਿਕਸ ਇੰਜੀਨੀਅਰ ਅਮਿਤ ਕਸ਼ੱਤਰੀਆ ਨੂੰ ਨਾਸਾ ਦੇ ਨਵੇਂ ‘ਮੂਨ ਟੂ ਮਾਰਸ’ ਪ੍ਰੋਗਰਾਮ ਦਾ ਪਹਿਲਾ ਮੁਖੀ ਨਾਮਜ਼ਦ ਕੀਤਾ ਗਿਆ ਹੈ। ਇਹ ਪ੍ਰੋਗਰਾਮ ਅਮਰੀਕਨ ਪੁਲਾੜ ਏਜੰਸੀ ਨਾਸਾ ਦੀ ਚੰਦਰਮਾ ‘ਤੇ ਲੰਮੀ ਮਿਆਦ ਦੀ ਮੌਜੂਦਗੀ ਦੀਆਂ ਤਿਆਰੀਆਂ ਨੂੰ ਯਕੀਨੀ ਬਣਾਏਗਾ ਤਾਂ ਕਿ ਮਨੁੱਖ ਨੂੰ ਪੁਲਾੜ ਵਿਗਿਆਨ ਦੀ ਨਵੀਂ ਉਪਲੱਬਧੀ ਤਹਿਤ ਮੰਗਲ ਗ੍ਰਹਿ ਤੱਕ ਭੇਜਿਆ ਜਾ ਸਕੇ। ਏਜੰਸੀ ਨੇ ਐਲਾਨ ਕੀਤਾ ਕਿ ਕਸ਼ੱਤਰੀਆ ਨਾਸਾ ਵੱਲੋਂ ਬਣਾਏ ਗਏ ਦਫ਼ਤਰ ਦੇ ਪਹਿਲੇ ਮੁਖੀ ਦੇ ਤੌਰ ‘ਤੇ ਤੁਰੰਤ ਪ੍ਰਭਾਵ ਨਾਲ ਕੰਮ ਸ਼ੁਰੂ ਕਰਨਗੇ। ਨਾਸਾ ਵੱਲੋਂ ਜਾਰੀ ਇਕ ਪ੍ਰੈਸ ਬਿਆਨ ‘ਚ ਕਿਹਾ ਗਿਆ ਹੈ ਕਿ ਨਵੇਂ ਦਫ਼ਤਰ ਦਾ ਉਦੇਸ਼ ਚੰਦਰਮਾ ਅਤੇ ਮੰਗਲ ‘ਤੇ ਮਨੁੱਖੀ ਖੋਜ ਗਤੀਵਿਧੀਆਂ ਨੂੰ ਅੰਜਾਮ ਦੇਣਾ ਹੈ ਤਾਂ ਕਿ ਪੂਰੀ ਮਨੁੱਖਤਾ ਨੂੰ ਉਸ ਦਾ ਫਾਇਦਾ ਮਿਲ ਸਕੇ। ਨੈਲਸਨ ਨੇ ਕਿਹਾ, ‘ਮੂਨ ਟੂ ਮਾਰਸ’ ਪ੍ਰੋਗਰਾਮ ਦਫ਼ਤਰ ਨਾਸਾ ਨੂੰ ਚੰਦਰਮਾ ਤੱਕ ਮਿਸ਼ਨ ਨੂੰ ਪੂਰਾ ਕਰਨ ਅਤੇ ਮੰਗਲ ਗ੍ਰਹਿ ‘ਤੇ ਪਹਿਲੀ ਵਾਰ ਮਨੁੱਖ ਨੂੰ ਭੇਜਣ ਦੀਆਂ ਤਿਆਰੀਆਂ ‘ਚ ਮਦਦ ਕਰੇਗਾ।’ ਰਿਲੀਜ਼ ਦੇ ਅਨੁਸਾਰ ਕਸ਼ੱਤਰੀਆ ਚੰਦਰਮਾ ਅਤੇ ਮੰਗਲ ਗ੍ਰਹਿ ‘ਤੇ ਮਨੁੱਖੀ ਮਿਸ਼ਨ ਦੀ ਯੋਜਨਾ ਬਣਾਉਣ ਅਤੇ ਉਨ੍ਹਾਂ ਨੂੰ ਲਾਗੂ ਕਰਨ ਲਈ ਜ਼ਿੰਮੇਵਾਰ ਹੋਣਗੇ। ਕਸ਼ੱਤਰੀਆ ਨੇ ਏਕੀਕ੍ਰਿਤ ਸਪੇਸ ਲਾਂਚ ਸਿਸਟਮ ‘ਓਰੀਅਨ’ ਅਤੇ ‘ਐਕਸਪਲੋਰੇਸ਼ਨ ਗਰਾਊਂਡ ਸਿਸਟਮ ਪ੍ਰੋਗਰਾਮ’ ਦਾ ਨਿਰਦੇਸ਼ਨ ਅਤੇ ਅਗਵਾਈ ਕੀਤੀ ਹੈ। ਪਿਛਲੇ ਸਮੇਂ ‘ਚ ਕਸ਼ੱਤਰੀਆ ਜਨਰਲ ਇਨਵੈਸਟੀਗੇਸ਼ਨ ਸਿਸਟਮ ਡਿਵੈਲਪਮੈਂਟ ਡਿਵੀਜ਼ਨ ਦੇ ਐਕਟਿੰਗ ਐਸੋਸੀਏਟ ਡਾਇਰੈਕਟਰ ਦੇ ਅਹੁਦੇ ‘ਤੇ ਕੰਮ ਕਰ ਚੁੱਕੇ ਹਨ। ਕਸ਼ੱਤਰੀਆ ਨੇ ਸਾਲ 2003 ‘ਚ ਪੁਲਾੜ ਪ੍ਰੋਗਰਾਮ ‘ਚ ਆਪਣਾ ਕਰੀਅਰ ਸ਼ੁਰੂ ਕੀਤਾ ਸੀ। 2014 ਤੋਂ 2017 ਤੱਕ ਉਹ ਸਪੇਸ ਸੈਂਟਰ ਫਲਾਈਟ ਡਾਇਰੈਕਟਰ ਦੇ ਅਹੁਦੇ ‘ਤੇ ਰਹੇ। ਕਸ਼ੱਤਰੀਆ ਇੰਡੀਆ ਤੋਂ ਅਮਰੀਕਾ ਆਏ ਪਹਿਲੀ ਪੀੜ੍ਹੀ ਦੇ ਪ੍ਰਵਾਸੀ ਦੇ ਬੱਚੇ ਹਨ ਅਤੇ ਉਨ੍ਹਾਂ ਨੇ ਕੈਲੀਫੋਰਨੀਆ ਇੰਸਟੀਚਿਊਟ ਆਫ ਟੈਕਨਾਲੋਜੀ ਤੋਂ ਗਣਿਤ ਵਿਗਿਆਨ ‘ਚ ਬੈਚਲਰ ਡਿਗਰੀ ਕੀਤੀ ਹੈ ਅਤੇ ਟੈਕਸਾਸ ਯੂਨੀਵਰਸਿਟੀ ਤੋਂ ਗਣਿਤ ‘ਚ ਐਮ.ਏ. ਦੀ ਉਪਾਧੀ ਹਾਸਲ ਕੀਤੀ ਹੈ।