ਭਾਰਤੀ ਮੁੱਕੇਬਾਜ਼ ਵਿਸ਼ਵਨਾਥ ਸੁਰੇਸ਼, ਵੰਸਜ ਅਤੇ ਦੇਵਿਕਾ ਘੋਰਪੜੇ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਪੇਨ ਦੇ ਲਾ ਨੁਸੀਆ ‘ਚ ਚੱਲ ਰਹੀ ਆਈ.ਬੀ.ਏ. ਯੂਥ ਪੁਰਸ਼ ਅਤੇ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ‘ਚ ਸੋਨ ਤਗ਼ਮੇ ਜਿੱਤੇ ਹਨ। ਚੇਨਈ ‘ਚ ਜਨਮੇ ਵਿਸ਼ਵਨਾਥ ਨੇ ਇਸ ਵੱਕਾਰੀ ਚੈਂਪੀਅਨਸ਼ਿਪ ‘ਚ ਇੰਡੀਆ ਲਈ ਪਹਿਲਾ ਸੋਨ ਤਗ਼ਮਾ ਜਿੱਤਿਆ। ਉਸ ਨੇ ਪੁਰਸ਼ਾਂ ਦੇ 48 ਕਿਲੋਗ੍ਰਾਮ ਫਾਈਨਲ ‘ਚ ਫਿਲੀਪੀਨਜ਼ ਦੇ ਰੋਨੇਲ ਸੁਯੋਮ ਨੂੰ ਹਰਾ ਕੇ ਸੋਨ ਤਗ਼ਮਾ ਜਿੱਤਿਆ। ਇਸ ਤੋਂ ਬਾਅਦ ਰਿੰਗ ‘ਚ ਉੱਤਰੀ ਭਾਵਨਾ ਸ਼ਰਮਾ ਨੂੰ ਮਹਿਲਾਵਾਂ ਦੇ 48 ਕਿਲੋਗ੍ਰਾਮ ਭਾਰ ਵਰਗ ‘ਚ ਉਜ਼ਬੇਕਿਸਤਾਨ ਦੀ ਗੁਲਸੇਵਰ ਗਨੀਵਾ ਤੋਂ 0-5 ਨਾਲ ਹਾਰ ਕੇ ਚਾਂਦੀ ਦੇ ਤਗ਼ਮੇ ਨਾਲ ਸਬਰ ਕਰਨਾ ਪਿਆ। ਆਸ਼ੀਸ਼ (54 ਕਿਲੋਗ੍ਰਾਮ) ਚਾਂਦੀ ਦਾ ਤਗ਼ਮਾ ਜਿੱਤਣ ਵਾਲੇ ਦੂਜੇ ਭਾਰਤੀ ਸਨ। ਉਹ ਜਾਪਾਨੀ ਮੁੱਕੇਬਾਜ਼ ਯੁਤਾ ਸਕਾਈ ਤੋਂ 1-4 ਨਾਲ ਹਾਰ ਗਏ। ਪੁਣੇ ਦੀ ਰਹਿਣ ਵਾਲੀ ਦੇਵਿਕਾ ਨੇ ਮਹਿਲਾਵਾਂ ਦੇ 52 ਕਿਲੋਗ੍ਰਾਮ ਫਾਈਨਲ ‘ਚ ਇੰਗਲੈਂਡ ਦੀ ਲੌਰੇਨ ਮੈਕੀ ਨੂੰ ਹਰਾ ਕੇ ਇੰਡੀਆ ਦੇ ਖਾਤੇ ‘ਚ ਇਕ ਹੋਰ ਸੋਨ ਤਗ਼ਮਾ ਜੋੜਿਆ। ਯੁਵਾ ਏਸ਼ੀਅਨ ਚੈਂਪੀਅਨ ਵੰਸ਼ਜ ਨੇ ਇੰਡੀਆ ਲਈ ਤੀਜਾ ਸੋਨ ਤਗ਼ਮਾ ਜਿੱਤਿਆ। ਸੋਨੀਪਤ ਦੇ ਰਹਿਣ ਵਾਲੇ ਇਸ ਮੁੱਕੇਬਾਜ਼ ਨੇ ਪੁਰਸ਼ਾਂ ਦੇ 63.5 ਕਿਲੋਗ੍ਰਾਮ ਭਾਰ ਵਰਗ ਦੇ ਫਾਈਨਲ ‘ਚ ਆਸਾਨੀ ਨਾਲ ਜਾਰਜੀਆ ਦੇ ਡੇਮੂਰ ਕਜ਼ਾਯਾ ਨੂੰ ਹਰਾਇਆ। ਇੰਡੀਆ 11 ਤਗ਼ਮਿਆਂ ਨਾਲ ਮੁਕਾਬਲੇ ‘ਚ ਸਿਖ਼ਰ ‘ਤੇ ਰਿਹਾ। ਉਸ ਤੋਂ ਬਾਅਦ ਉਜ਼ਬੇਕਿਸਤਾਨ (10), ਆਇਰਲੈਂਡ (ਸੱਤ) ਅਤੇ ਕਜ਼ਾਕਿਸਤਾਨ (ਸੱਤ) ਦਾ ਨੰਬਰ ਆਉਂਦਾ ਹੈ। ਇਸ ਸਾਲ ਚੈਂਪੀਅਨਸ਼ਿਪ ‘ਚ 73 ਦੇਸ਼ਾਂ ਦੇ ਲਗਭਗ 600 ਮੁੱਕੇਬਾਜ਼ਾਂ ਨੇ ਹਿੱਸਾ ਲਿਆ। ਇੰਡੀਆ ਨੇ ਮਹਿਲਾ ਵਰਗ ‘ਚ 8 ਤਮਗੇ ਜਿੱਤੇ ਜੋ ਕਿ ਇਕ ਰਿਕਾਰਡ ਹੈ।