ਕੌਮਾਂਤਰੀ ਕ੍ਰਿਕਟ ਕੌਂਸਲ ਵੱਲੋਂ ਜਾਰੀ ਕੀਤੀ ਗਈ ਟੀ-20 ਕੌਮਾਂਤਰੀ ਪੁਰਸ਼ ਰੈਂਕਿੰਗ ‘ਚ ਬੱਲੇਬਾਜ਼ਾਂ ਦੀ ਸੂਚੀ ‘ਚ ਇਕ ਵਾਰ ਫਿਰ ਤੋਂ ਭਾਰਤੀ ਬੱਲੇਬਾਜ਼ ਸੂਰਿਆ ਕੁਮਾਰ ਯਾਦਵ ਕਰੀਅਰ ਦੇ ਦੂਜੇ ਸਭ ਤੋਂ ਵਧੀਆ ਸਥਾਨ ‘ਤੇ ਪਹੁੰਚ ਗਿਆ ਹੈ। ਆਸਟਰੇਲੀਆ ਖ਼ਿਲਾਫ਼ ਤਿੰਨ ਮੈਚਾਂ ਦੀ ਟੀ-20 ਲੜੀ ਦੇ ਆਖਰੀ ਮੈਚ ‘ਚ 36 ਗੇਂਦਾਂ ‘ਚ 69 ਦੌੜਾਂ ਦੀ ਪਾਰੀ ਖੇਡਣ ਤੋ ਬਾਅਦ ਸੂਰਿਆ ਕੁਮਾਰ ਦੇ ਨਾਮ 801 ਰੇਟਿੰਗ ਅੰਕ ਹੋ ਗਏ ਹਨ। ਉਸ ਨੇ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਨੂੰ ਦੋ ਹੋਰ ਰੇਟਿੰਗ ਅੰਕਾਂ ਨਾਲ ਪਛਾੜ ਕੇ ਦੂਜਾ ਸਥਾਨ ਹਾਸਲ ਕੀਤਾ। ਉਹ ਹਾਲਾਂਕਿ ਪਹਿਲਾਂ ਵੀ ਦੂਜੇ ਸਥਾਨ ‘ਤੇ ਪਹੁੰਚ ਚੁੱਕਾ ਹੈ। ਉਸ ਨੇ ਅਗਸਤ ‘ਚ ਵੈਸਟਇੰਡੀਜ਼ ਖ਼ਿਲਾਫ਼ ਲੜੀ ‘ਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਤੋਂ ਬਾਅਦ ਇਹ ਮੁਕਾਮ ਹਾਸਲ ਕੀਤਾ ਸੀ। ਉਧਰ ਭਾਰਤੀ ਕਪਤਾਨ ਰੋਹਿਤ ਸ਼ਰਮਾ ਆਪਣੇ ਸਥਾਨ ‘ਤੇ ਕਾਇਮ ਹੈ ਜਦਕਿ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਰੈਂਕਿੰਗ ‘ਚ ਇਕ ਸਥਾਨ ਦਾ ਸੁਧਾਰ ਕੀਤਾ ਹੈ। ਰੋਹਿਤ 13ਵੇਂ ਜਦਕਿ ਕੋਹਲੀ 15ਵੇਂ ਸਥਾਨ ‘ਤੇ ਪਹੁੰਚ ਗਿਆ। ਭਾਰਤੀ ਉਪ ਕਪਤਾਨ ਲੋਕੇਸ਼ ਰਾਹੁਲ ਨੂੰ ਰੈਂਕਿੰਗ ‘ਚ ਚਾਰ ਸਥਾਨ ਦਾ ਨੁਕਸਾਨ ਹੋਇਆ ਹੈ ਅਤੇ ਉਹ 22ਵੇਂ ਸਥਾਨ ‘ਤੇ ਫਿਸਲ ਗਿਆ ਹੈ।