ਚੀਨ ਦੇ ਸੁਜੋਓ ‘ਚ 14 ਤੋਂ 21 ਮਈ ਵਿਚਾਲੇ ਹੋਣ ਵਾਲੇ ਸੁਦੀਰਮਨ ਕੱਪ ਬੈਡਮਿੰਟਨ ਟੂਰਨਾਮੈਂਟ ‘ਚ ਭਾਰਤੀ ਟੀਮ ਦੀ ਅਗਵਾਈ ਐੱਚ.ਐੱਸ. ਪ੍ਰਣਯ ਅਤੇ ਪੀ.ਵੀ. ਸਿੰਧੂ ਕਰਨਗੇ। ਪ੍ਰਣਯ ਵਿਸ਼ਵ ਦਾ ਨੌਵੇਂ ਨੰਬਰ ਦਾ ਖਿਡਾਰੀ ਹੈ ਜਦਕਿ ਸਿੰਧੂ ਓਲੰਪਿਕ ‘ਚ ਦੋ ਵਾਰ ਦੀ ਤਗ਼ਮਾ ਜੇਤੂ। ਭਾਰਤੀ ਬੈਡਮਿੰਟਨ ਸੰਘ ਦੀ ਸੀਨੀਅਰ ਰਾਸ਼ਟਰੀ ਚੋਣ ਕਮੇਟੀ ਦੀ ਮੀਟਿੰਗ ‘ਚ ਟੀਮ ਦੀ ਚੋਣ ਕੀਤੀ ਗਈ ਹੈ। ਟੀਮ ਦਾ ਟੀਚਾ ਇਸ ਮਿਕਸਡ ਟੀਮ ਚੈਂਪੀਅਨਸ਼ਿਪ ‘ਚ ਪਹਿਲੀ ਵਾਰ ਤਗ਼ਮਾ ਹਾਸਲ ਕਰਨਾ ਹੋਵੇਗਾ। ਭਾਰਤੀ ਪੁਰਸ਼ ਟੀਮ ਨੇ ਪਿਛਲੇ ਸਾਲ ਵੱਕਾਰੀ ਥਾਮਸ ਕੱਪ ਜਿੱਤ ਕੇ ਇਤਿਹਾਸ ਰਚਿਆ ਸੀ ਜਿਸ ਨਾਲ ਭਾਰਤੀ ਟੀਮ ਦੀ ਸੁਦੀਰਮਨ ਕੱਪ ‘ਚ ਤਗ਼ਮਾ ਜਿੱਤਣ ਦੀ ਸੰਭਾਵਨਾ ਵੱਧ ਗਈ ਹੈ। ਇੰਡੀਆ ਨੇ ਇਸ ਸਾਲ ਦੇ ਸ਼ੁਰੂ ‘ਚ ਏਸ਼ੀਅਨ ਮਿਕਸਡ ਟੀਮ ਚੈਂਪੀਅਨਸ਼ਿਪ ‘ਚ ਵੀ ਕਾਂਸੀ ਤਗ਼ਮਾ ਜਿੱਤਿਆ ਸੀ।