ਪੰਜਾਬ ‘ਚ ਦਾਖ਼ਲ ਹੋਣ ਤੋਂ ਕੁਝ ਘੰਟੇ ਪਹਿਲਾਂ ‘ਭਾਰਤ ਜੋੜੋ ਯਾਤਰਾ’ ਵਿੱਚ ਸ਼ਾਹਬਾਦ ਅਨਾਜ ਮੰਡੀ ‘ਚ ਸੰਯੁਕਤ ਕਿਸਾਨ ਮੋਰਚੇ ਦੇ ਨੇਤਾਵਾਂ ਨਾਲ ਰਾਹੁਲ ਗਾਂਧੀ ਨੇ ਕਰੀਬ ਇਕ ਘੰਟਾ ਗੱਲਬਾਤ ਕੀਤੀ। ਭਾਰਤੀ ਕਿਸਾਨ ਯੂਨੀਅਨ ਸਰ ਛੋਟੂ ਰਾਮ ਨੇ ਰਾਹੁਲ ਗਾਂਧੀ ਨੂੰ ਮੰਗ ਪੱਤਰ ਸੌਂਪਿਆ ਸੀ ਜਿਸਤੇ ਸੰਯੁਕਤ ਕਿਸਾਨ ਮੋਰਚੇ ਨੇ ਰਾਹੁਲ ਨਾਲ ਗੱਲਬਾਤ ਕੀਤੀ। ਮੋਰਚੇ ਨੇ ਰਾਹੁਲ ਗਾਂਧੀ ਨਾਲ ਚਰਚਾ ਮਗਰੋਂ ਉਨ੍ਹਾਂ ਨੂੰ ਕਾਂਗਰਸ ਦਾ ਕਿਸਾਨਾਂ ਪ੍ਰਤੀ ਰੁਖ ਸਪੱਸ਼ਟ ਕਰਨ ਲਈ ਆਖਿਆ। ਇਸ ਦੌਰਾਨ ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਸਰਕਾਰ ਨੇ ਕਿਸਾਨਾਂ ਨੂੰ ਬਰਬਾਦ ਕਰਨ ਦੀਆਂ ਨੀਤੀਆਂ ਘੜੀਆਂ ਹਨ ਪਰ ਉਹ ਕਿਸਾਨ ਵਿਰੋਧ ਨੀਤੀਆਂ ਨੂੰ ਕਦੇ ਵੀ ਲਾਗੂ ਨਹੀਂ ਕਰਨ ਦੇਣਗੇ। ਉਹ ਦੇਸ਼ ਦੇ ਅੰਨਦਾਤਿਆਂ ਦੇ ਮੋਢੇ ਨਾਲ ਮੋਢਾ ਜੋੜ ਕੇ ਖੜ੍ਹੇ ਰਹਿਣਗੇ। ਉਨ੍ਹਾਂ ਕਿਹਾ ਕਿ ਦੇਸ਼ ਦੇ ਜਿਨਾਂ ਸੂਬਿਆਂ ‘ਚ ਕਾਂਗਰਸ ਦੀ ਸਰਕਾਰ ਹੈ ਛੇਤੀ ਹੀ ਉਨ੍ਹਾਂ ਸੂਬਿਆਂ ‘ਚ ਕਿਸਾਨ ਹਿਤਕਾਰੀ ਨੀਤੀਆਂ ਬਣਾਉਣ ਦੇ ਨਿਰਦੇਸ਼ ਦੇਣਗੇ। ਭਾਰਤੀ ਕਿਸਾਨ ਯੂਨੀਅਨ ਸਰ ਛੋਟੂ ਰਾਮ ਦੀ ਕੋਰ ਕਮੇਟੀ ਦੇ ਮੈਂਬਰ ਜਗਦੀਪ ਔਲਖ ਤੇ ਬਹਾਦਰ ਮੇਹਲਾ ਬਲੜੀ ਨੇ ਦੱਸਿਆ ਕਿ ਰਾਹੁਲ ਗਾਂਧੀ ਦਾ ਮੰਨਣਾ ਹੈ ਕਿ ਮੋਦੀ ਸਰਕਾਰ ਕਿਸਾਨਾਂ ‘ਤੇ ਯੋਜਨਵਾਂ ਥੋਪ ਰਹੀ ਹੈ ਜੇਕਰ ਸਰਕਾਰ ਕੋਈ ਨਵੀਂ ਨੀਤੀ ਜਾਂ ਕਾਨੂੰਨ ਬਣਾਉਂਦੀ ਹੈ ਤਾਂ ਪਹਿਲਾਂ ਕਿਸਾਨਾਂ ਨਾਲ ਚਰਚਾ ਕਰਨੀ ਚਾਹੀਦੀ ਹੈ। ਸਰਬਸੰਮਤੀ ਬਣਨ ਮਗਰੋਂ ਹੀ ਕਾਨੂੰਨ ਲਾਗੂ ਹੋਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਸੰਯੁਕਤ ਕਿਸਾਨ ਮੋਰਚਾ ਦੇ ਅੰਦੋਲਨ ਮਗਰੋਂ ਮੋਦੀ ਸਰਕਾਰ ਨੂੰ ਤਿੰਨ ਖੇਤੀ ਕਾਨੂੰਨ ਵਾਪਸ ਲੈਣੇ ਪਏ ਸਨ। ਕੇਂਦਰ ਸਰਕਾਰ ਨਾਲ ਜੋ ਸਮਝੌਤੇ ਹੋਏ ਸਨ ਉਨ੍ਹਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ। ਸੰਯੁਕਤ ਕਿਸਾਨ ਮੋਰਚੇ ਨੇ ਕਿਸਾਨਾਂ ਨੂੰ ਪੈਨਸ਼ਨ, ਜ਼ਮੀਨ ਐਕੁਆਇਰ ਕਰਨ, ਬੀਮਾ ਸਬੰਧੀ ਮੰਗਾਂ ਐੱਮ.ਐੱਸ.ਪੀ. ਤੇ ਕਿਸਾਨਾਂ ‘ਤੇ ਦਰਜ ਮੁਕੱਦਮੇ ਵਾਪਸ ਲੈਣ ਦੇ ਮੁੱਦਿਆਂ ‘ਤੇ ਸਰਕਾਰ ਖ਼ਿਲਾਫ਼ ਮੋਰਚਾ ਖੋਲ੍ਹਿਆ ਹੋਇਆ ਹੈ। ਬਹਾਦਰ ਮੇਹਲਾ ਨੇ ਕਿਹਾ ਕਿ ਯੂਨੀਅਨ ਦੀ ਮੰਗ ਹੈ ਕਿ ਵਰਤਮਾਨ ‘ਚ ਕੇਂਦਰ ਸਰਕਾਰ ਵਲੋਂ ਜੋ ਬਿਜਲੀ ਕਾਨੂੰਨ ਲਿਆਂਦਾ ਗਿਆ ਹੈ ਉਸ ਨੂੰ ਖਤਮ ਕੀਤਾ ਜਾਵੇ। ਜ਼ਮੀਨਾਂ ਐਕੁਆਇਰ ਕਰਨ ਸਬੰਧੀ ਨਵਾਂ ਕਾਨੂੰਨ ਬਣਾਇਆ ਜਾਵੇ ਜਿਸ ‘ਚ ਕਿਸਾਨਾਂ ਦੀ ਸਹਿਮਤੀ ਲੈ ਕੇ ਢੁੱਕਵਾਂ ਮੁੱਲ ਦਿੱਤਾ ਜਾਏ। ਕਿਸਾਨਾਂ ਦਾ ਕਹਿਣਾ ਹੈ ਕਿ ਫੂਡ ਪ੍ਰੋਸੈਸਿੰਗ ਉਦਯੋਗਾਂ ਨੂੰ ਪਿੰਡ ਪੱਧਰ ‘ਤੇ ਹੀ ਵਿਕਸਿਤ ਕੀਤਾ ਜਾਏ ਜਿਸ ਨਾਲ ਕਿਸਾਨਾਂ ਨੂੰ ਉਨ੍ਹਾਂ ਦੀ ਫਸਲ ਦਾ ਵਾਜਬ ਮੁੱਲ ਮਿਲ ਸਕੇ। ਉਨਾਂ ਨੇ ਖੇਤੀ ‘ਚ ਵਰਤੀਆਂ ਜਾਣ ਵਾਲੀਆਂ ਦਵਾਈਆਂ, ਡੀਜ਼ਲ, ਹੋਰ ਖੇਤੀ ਵਸਤਾਂ ‘ਤੇ ਟੈਕਸ ਦੀ ਛੋਟ ਮੰਗ ਵੀ ਕੀਤੀ। ਇਸ ਮੌਕੇ ਰਾਕੇਸ਼ ਟਿਕੈਤ, ਸੁਖਵਿੰਦਰ ਝੱਬਰ, ਸਤਪਾਲ ਚਹਿਲ, ਸੁੱਖ ਕਾਹਲੋਂ, ਰਮਨਦੀਪ ਮਾਨ, ਵਿਧਾਇਕ ਸ਼ਮਸ਼ੇਰ ਗੋਗੀ ਆਦਿ ਮੌਜੂਦ ਸਨ। ਇਸ ਤੋਂ ਪਹਿਲਾਂ ਸ਼ਾਹਬਾਦ ‘ਚ ਭਾਰਤ ਜੋੜੋ ਯਾਤਰਾ ਪਹੁੰਚਣ ‘ਤੇ ਵਰਕਰਾਂ ਤੇ ਲੋਕਾਂ ਨੇ ਕਾਂਗਰਸੀ ਨੇਤਾ ਰਾਹੁਲ ਗਾਂਧੀ ਦਾ ਭਰਵਾਂ ਸਵਾਗਤ ਕੀਤਾ।