ਇੰਡੀਆ ਦੀ ‘ਉੱਡਣ ਪਰੀ’ ਵਜੋਂ ਜਾਣੀ ਜਾਂਦੀ ਮਹਾਨ ਦੌੜਾਕ ਪੀ.ਟੀ. ਊਸ਼ਾ ਨੂੰ ਭਾਰਤੀ ਓਲੰਪਿਕ ਸੰਘ ਦੀ ਪਹਿਲੀ ਮਹਿਲਾ ਪ੍ਰਧਾਨ ਚੁਣਿਆ ਗਿਆ ਜਿਸ ਨਾਲ ਭਾਰਤੀ ਖੇਡ ਪ੍ਰਸ਼ਾਸਨ ‘ਚ ਇਕ ਨਵੇਂ ਯੁੱਗ ਦੀ ਸ਼ੁਰੂਆਤ ਵੀ ਹੋਈ। ਏਸ਼ੀਅਨ ਗੇਮਜ਼ ‘ਚ ਕਈ ਤਗ਼ਮੇ ਜਿੱਤਣ ਵਾਲੀ ਅਤੇ 1984 ਦੀਆਂ ਲਾਸ ਏਂਜਲਸ ਓਲੰਪਿਕ ਖੇਡਾਂ ‘ਚ 400 ਮੀਟਰ ਅੜਿੱਕਾ ਦੌੜ ‘ਚ ਚੌਥੇ ਸਥਾਨ ‘ਤੇ ਰਹੀ ਊਸ਼ਾ ਨੂੰ ਚੋਣਾਂ ਤੋਂ ਬਾਅਦ ਚੋਟੀ ਦੇ ਅਹੁਦੇ ਲਈ ਬਿਨਾਂ ਕਿਸੇ ਵਿਰੋਧ ਦੇ ਚੁਣਿਆ ਗਿਆ। ਇਹ ਚੋਣਾਂ ਸੁਪਰੀਮ ਕੋਰਟ ਵੱਲੋਂ ਨਿਯੁਕਤ ਸੁਪਰੀਮ ਕੋਰਟ ਦੇ ਸਾਬਕਾ ਜੱਜ ਨਾਗੇਸ਼ਵਰ ਰਾਓ ਦੀ ਨਿਗਰਾਨੀ ਹੇਠ ਕਰਵਾਈਆਂ ਗਈਆਂ ਸਨ। ਊਸ਼ਾ ਦੇ ਪ੍ਰਧਾਨ ਚੁਣੇ ਜਾਣ ਨਾਲ ਆਈ.ਓ.ਏ. ਵਿੱਚ ਧੜੇਬੰਦੀ ਦੀ ਸਿਆਸਤ ਕਾਰਨ ਪੈਦਾ ਹੋਇਆ ਸੰਕਟ ਵੀ ਖ਼ਤਮ ਹੋ ਗਿਆ ਹੈ। ਇੰਟਰਨੈਸ਼ਨਲ ਓਲੰਪਿਕ ਕਮੇਟੀ (ਆਈ.ਓ.ਸੀ.) ਨੇ ਇਸ ਮਹੀਨੇ ਦੇ ਸ਼ੁਰੂ ਵਿੱਚ ਧਮਕੀ ਦਿੱਤੀ ਸੀ ਕਿ ਜੇਕਰ ਆਈ.ਓ.ਏ. ਨੇ ਚੋਣਾਂ ਨਹੀਂ ਕਰਵਾਈਆਂ ਤਾਂ ਉਸ ਨੂੰ ਮੁਅੱਤਲ ਕਰ ਦਿੱਤਾ ਜਾਵੇਗਾ। ਇਹ ਚੋਣਾਂ ਦਸੰਬਰ 2021 ਵਿੱਚ ਹੋਣੀਆਂ ਸਨ। ਚੋਟੀ ਦੇ ਅਹੁਦੇ ਲਈ ਊਸ਼ਾ ਦੀ ਚੋਣ ਹੋਣਾ ਪਿਛਲੇ ਮਹੀਨੇ ਹੀ ਤੈਅ ਹੋ ਗਿਆ ਸੀ ਕਿਉਂਕਿ ਉਹ ਪ੍ਰਧਾਨ ਦੇ ਅਹੁਦੇ ਲਈ ਨਾਮਜ਼ਦਗੀ ਦਾਖਲ ਕਰਨ ਵਾਲੀ ਇਕਲੌਤੀ ਉਮੀਦਵਾਰ ਸੀ। ਕਿਸੇ ਨੇ ਵੀ ਊਸ਼ਾ ਦਾ ਵਿਰੋਧ ਨਹੀਂ ਕੀਤਾ। ਉਸ ਨੂੰ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਨੇ ਜੁਲਾਈ ‘ਚ ਰਾਜ ਸਭਾ ਲਈ ਨਾਮਜ਼ਦ ਕੀਤਾ ਸੀ। ਉਹ ਆਈ.ਓ.ਈ. ਦੇ 95 ਸਾਲਾਂ ਦੇ ਇਤਿਹਾਸ ਵਿੱਚ ਪ੍ਰਧਾਨ ਬਣਨ ਵਾਲੀ ਪਹਿਲੀ ਓਲੰਪੀਅਨ ਅਤੇ ਪਹਿਲੀ ਅੰਤਰਰਾਸ਼ਟਰੀ ਤਗ਼ਮਾ ਜੇਤੂ ਹੈ। ਇਸ ਨਾਲ ਉਸ ਦੀਆਂ ਪ੍ਰਾਪਤੀਆਂ ਵਿੱਚ ਇਕ ਹੋਰ ਉਪਲੱਬਧੀ ਜੁੜ ਗਈ ਹੈ। ਊਸ਼ਾ ਨੇ 2000 ‘ਚ ਸੰਨਿਆਸ ਲੈਣ ਤੋਂ ਪਹਿਲਾਂ ਦੋ ਦਹਾਕਿਆਂ ਤੱਕ ਭਾਰਤੀ ਅਤੇ ਏਸ਼ੀਆਈ ਐਥਲੈਟਿਕਸ ਵਿੱਚ ਦਬਦਬਾ ਬਣਾਇਆ। ਊਸ਼ਾ ਦੇਸ਼ ਦੀ ਪ੍ਰਤੀਨਿਧਤਾ ਕਰਨ ਵਾਲੀ ਪਹਿਲੀ ਖਿਡਾਰਨ ਹੈ।