ਕੁਝ ਹਿੰਦੀ ਫ਼ਿਲਮਾਂ ਤੋਂ ਇਲਾਵਾ ਸਾਊਥ ਦੀਆਂ ਅਨੇਕਾਂ ਫਿਲਮਾ ‘ਚ ਕੰਮ ਕਰ ਚੁੱਕੀ ਭਾਰਤੀ ਅਭਿਨੇਤਰੀ ਕੈਨੇਡਾ ‘ਚ ਹੋਏ ਸੜਕ ਹਾਦਸੇ ‘ਚ ਜ਼ਖਮੀ ਹੋ ਗਈ ਹੈ। ‘ਬੰਧਨ’, ‘ਜੁੜਵਾ’, ‘ਘਰਵਾਲੀ ਬਾਹਰਵਾਲੀ’, ‘ਕਿਉਂਕਿ ਮੈਂ ਝੂਠ ਨਹੀਂ ਬੋਲਤਾ’ ਵਰਗੀਆਂ ਫ਼ਿਲਮਾਂ ‘ਚ ਕੰਮ ਕਰ ਚੁੱਕੀ ਅਦਾਕਾਰਾ ਰੰਭਾ ਉਸ ਵਕਤ ਸੜਕ ਹਾਦਸੇ ਦਾ ਸ਼ਿਕਾਰ ਹੋਈ ਜਦੋਂ ਕਾਰ ਰਾਹੀਂ ਕਿਤੇ ਜਾ ਰਹੀ ਸੀ। ਕੈਨੇਡਾ ‘ਚ ਉਸ ਦੀ ਕਾਰ ਦਾ ਭਿਆਨਕ ਐਕਸੀਡੈਂਟ ਹੋਇਆ ਹੈ। ਇਸ ਕਾਰ ‘ਚ ਉਸ ਨਾਲ ਬੱਚੇ ਅਤੇ ਨੈਨੀ ਵੀ ਮੌਜੂਦ ਸੀ। ਹਾਲਾਂਕਿ ਇਸ ਹਾਦਸੇ ‘ਚ ਕਿਸੇ ਨੂੰ ਵੀ ਗੰਭੀਰ ਸੱਟਾਂ ਨਹੀਂ ਲੱਗੀਆਂ। ਉਸ ਦੀ ਧੀ ਸਾਸ਼ਾ ਹਾਲੇ ਵੀ ਹਸਪਤਾਲ ‘ਚ ਦਾਖ਼ਲ ਹੈ। ਅਦਾਕਾਰਾ ਨੇ ਖ਼ੁਦ ਇਸ ਹਾਦਸੇ ਨਾਲ ਜੁੜੀਆਂ ਤਸਵੀਰਾਂ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀਆਂ ਹਨ। ਪਹਿਲੀ ਤਸਵੀਰ ਉਨ੍ਹਾਂ ਦੀ ਧੀ ਸਾਸ਼ਾ ਦੀ ਹੈ, ਜੋ ਹਸਪਤਾਲ ‘ਚ ਦਾਖ਼ਲ ਹੈ ਅਤੇ ਡਾਕਟਰ ਉਸ ਦਾ ਇਲਾਜ ਕਰ ਰਹੇ ਹਨ। ਦੂਜੀ ਅਤੇ ਤੀਜੀ ਤਸਵੀਰ ਉਸ ਕਾਰ ਦੀ ਹੈ, ਜੋ ਹਾਦਸੇ ਤੋਂ ਬਾਅਦ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਅਦਾਕਾਰਾ ਰੰਭਾ ਤਸਵੀਰਾਂ ਨੂੰ ਸ਼ੇਅਰ ਕਰਦਿਆਂ ਕੈਪਸ਼ਨ ‘ਚ ਲਿਖਿਆ- ‘ਬੱਚਿਆਂ ਨੂੰ ਸਕੂਲ ਤੋਂ ਚੁੱਕਣ ਤੋਂ ਬਾਅਦ ਚੌਕ ‘ਚ ਸਾਡੀ ਕਾਰ ਨੂੰ ਦੂਜੀ ਕਾਰ ਨੇ ਟੱਕਰ ਮਾਰ ਦਿੱਤੀ। ਮੈਂ ਅਤੇ ਨੈਨੀ ਬੱਚਿਆਂ ਨਾਲ ਸੀ। ਅਸੀਂ ਸਾਰੇ ਸੁਰੱਖਿਅਤ ਹਾਂ। ਮਾਮੂਲੀ ਸੱਟਾਂ ਲੱਗੀਆਂ ਹਨ। ਮੇਰੀ ਛੋਟੀ ਸਾਸ਼ਾ ਹਾਲੇ ਵੀ ਹਸਪਤਾਲ ‘ਚ ਹੈ। ਕਿਰਪਾ ਕਰਕੇ ਸਾਡੇ ਲਈ ਪ੍ਰਾਰਥਨਾ ਕਰੋ। ਤੁਹਾਡੀ ਪ੍ਰਾਰਥਨਾ ਦਾ ਬਹੁਤ ਮਤਲਬ ਹੈ।’ ਜ਼ਿਕਰਯੋਗ ਹੈ ਕਿ ਅਦਾਕਾਰਾ ਰੰਭਾ ਨੇ 2010 ‘ਚ ਕੈਨੇਡਾ ਵਾਸੀ ਕਾਰੋਬਾਰੀ ਇੰਦਰਾ ਕੁਮਾਰ ਨਾਲ ਵਿਆਹ ਕਰਵਾ ਲਿਆ ਸੀ ਅਤੇ ਇਸ ਸਮੇਂ ਉਨ੍ਹਾਂ ਦੇ ਤਿੰਨ ਬੱਚੇ ਦੋ ਧੀਆਂ ਅਤੇ ਇਕ ਪੁੱਤਰ ਹਨ।