ਭੌਤਿਕ ਵਿਗਿਆਨ ‘ਚ ਇਸ ਸਾਲ ਦਾ ਨੋਬੇਲ ਪੁਰਸਕਾਰ ਤਿੰਨ ਵਿਗਿਆਨੀਆਂ ਨੂੰ ਸਾਂਝੇ ਤੌਰ ‘ਤੇ ਦਿੱਤਾ ਗਿਆ ਹੈ। ਇਹ ਸਨਮਾਨ ਇਨ੍ਹਾਂ ਨੂੰ ਕੁਆਂਟਮ ਸੂਚਨਾ ਵਿਗਿਆਨ ‘ਚ ਕੀਤੇ ਖੋਜ ਕਾਰਜ ਲਈ ਦਿੱਤਾ ਗਿਆ ਹੈ ਜਿਸ ਨੂੰ ਕਈ ਖੇਤਰਾਂ ‘ਚ ਵਰਤਿਆ ਜਾ ਸਕਦਾ ਹੈ। ਉਦਾਹਰਨ ਦੇ ਤੌਰ ‘ਤੇ ਇਨਕ੍ਰਿਪਸ਼ਨ ਦੇ ਖੇਤਰ ‘ਚ ਵੀ ਇਸ ਦਾ ਇਸਤੇਮਾਲ ਹੋ ਸਕਦਾ ਹੈ। ਰੌਇਲ ਸਵੀਡਸ਼ ਅਕੈਡਮੀ ਆਫ਼ ਸਾਇੰਸਿਜ਼ ਮੁਤਾਬਕ ‘ਕੁਆਂਟਮ ਇਨਫਰਮੇਸ਼ਨ ਸਾਇੰਸ’ ਵਿੱਚ ਮਹੱਤਵਪੂਰਨ ਖੋਜ ਕਾਰਜਾਂ ਲਈ ਇਹ ਪੁਰਸਕਾਰ ਐਲੇਨ ਆਸਪੈਕਟ, ਜੌਹਨ ਐਫ. ਕਲੌਜ਼ਰ ਤੇ ਐਂਟਨ ਜ਼ੀਲਿੰਗਰ ਨੂੰ ਦਿੱਤਾ ਜਾ ਰਿਹਾ ਹੈ। ਨੋਬੇਲ ਕਮੇਟੀ ਦੀ ਮੈਂਬਰ ਈਵਾ ਓਲਸਨ ਨੇ ਕਿਹਾ ਕਿ ਕੁਆਂਟਮ ਵਿਗਿਆਨ ਉੱਭਰਦਾ ਹੋਇਆ ਖੇਤਰ ਹੈ। ਸੁਰੱਖਿਅਤ ਸੂਚਨਾ ਤਬਾਦਲੇ, ਕੁਆਂਟਮ ਕੰਪਿਊਟਿੰਗ ਤੇ ਸੈਂਸਿੰਗ ਤਕਨੀਕ ‘ਚ ਇਸ ਦੀ ਭੂਮਿਕਾ ਮਹੱਤਵਪੂਰਨ ਹੈ। ਇਸ ਦਾ ਆਧਾਰ ਕੁਆਂਟਮ ਮਕੈਨਿਕਸ ਹੈ। ਜ਼ਿਕਰਯੋਗ ਹੈ ਕਿ ਸੋਮਵਾਰ ਮੈਡੀਸਨ ਖੇਤਰ ‘ਚ ਸਵੀਡਿਸ਼ ਵਿਗਿਆਨੀ ਸਵਾਂਤੇ ਪਾਬੋ ਨੂੰ ਨੋਬੇਲ ਪੁਰਸਕਾਰ ਦਿੱਤਾ ਗਿਆ ਸੀ। ਭਲਕੇ ਰਸਾਇਣ ਵਿਗਿਆਨ (ਕੈਮਿਸਟਰੀ) ‘ਚ ਨੋਬੇਲ ਪੁਰਸਕਾਰ ਦਾ ਐਲਾਨ ਕੀਤਾ ਜਾਵੇਗਾ।