ਇੰਡੀਆ ਦੇ ਸਾਬਕਾ ਉੱਪ ਪ੍ਰਧਾਨ ਮੰਤਰੀ ਚੌਧਰੀ ਦੇਵੀ ਲਾਲ ਦੀ 109ਵੀਂ ਜੈਅੰਤੀ ਮੌਕੇ ਹਰਿਆਣਾ ਦੇ ਫਤਿਆਬਾਦ ਵਿੱਚ ‘ਸਨਮਾਨ ਰੈਲੀ’ ਕੀਤੀ। ਇਸ ‘ਚ ਭਾਜਪਾ ਨੂੰ ਚੁਣੌਤੀ ਦੇਣ ਲਈ ਤੀਜੀ ਧਿਰ ਬਣਾਉਣ ਦੇ ਮਕਸਦ ਨਾਲ ਵਿਰੋਧੀ ਧਿਰ ਇਕ ਮੰਚ ‘ਤੇ ਨਜ਼ਰ ਆਏ। ਇਸ ਮੌਕੇ ਦੇਸ਼ ਦੀਆਂ ਅੱਧੀ ਦਰਜਨ ਤੋਂ ਵੱਧ ਸਿਆਸੀ ਪਾਰਟੀਆਂ ਦੇ ਆਗੂ ਮੰਚ ਉਤੇ ਹਾਜ਼ਰ ਸਨ। ਰੈਲੀ 2024 ਦੀਆਂ ਲੋਕ ਸਭਾ ਚੋਣਾਂ ਦੇ ਪੱਖ ਤੋਂ ਕਾਫ਼ੀ ਮਹੱਤਵਪੂਰਨ ਸੀ। ਦੇਸ਼ ਦੇ ਵੱਡੇ ਆਗੂਆਂ ਨੇ ਰੈਲੀ ‘ਚ ਹਾਜ਼ਰੀ ਲਵਾ ਕੇ ਤੀਜੇ ਮੋਰਚੇ ਦੇ ਗਠਨ ਦੇ ਸੰਕੇਤ ਦਿੱਤੇ ਹਨ। ਰੈਲੀ ‘ਚ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ, ਉਪ ਮੁੱਖ ਮੰਤਰੀ ਅਤੇ ਆਰ.ਜੇ.ਡੀ. ਨੇਤਾ ਤੇਜਸਵੀ ਯਾਦਵ, ਐੱਨ.ਸੀ.ਪੀ. ਦੇ ਸ਼ਰਦ ਪਵਾਰ, ਸੀ.ਪੀ.ਐੱਮ. ਆਗੂ ਸੀਤਾਰਾਮ ਯੇਚੁਰੀ, ਜੇ.ਡੀ. (ਯੂ) ਆਗੂ ਕੇ.ਸੀ. ਤਿਆਗੀ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਹੋਰ ਆਗੂ ਹਾਜ਼ਰ ਸਨ। ‘ਇਨੈਲੋ’ ਸੁਪਰੀਮੋ ਓਮ ਪ੍ਰਕਾਸ਼ ਚੌਟਾਲਾ ਨੇ ਇਨ੍ਹਾਂ ਸਾਰੇ ਆਗੂਆਂ ਨੂੰ ਰੈਲੀ ਲਈ ਸੱਦਾ ਦਿੱਤਾ ਸੀ। ਨਿਤੀਸ਼ ਕੁਮਾਰ ਨੇ ਇਸ ਮੌਕੇ 2024 ਦੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਦਾ ਮੁਕਾਬਲਾ ਕਰਨ ਲਈ ਕਾਂਗਰਸ ਤੇ ਖੱਬੇ-ਪੱਖੀਆਂ ਪਾਰਟੀਆਂ ਸਣੇ ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਇੱਕ ਮੰਚ ‘ਤੇ ਆਉਣ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਦਾ ਇਹ ‘ਮੋਰਚਾ’ ਭਾਜਪਾ ਦੀ ਹਾਰ ਨੂੰ ਯਕੀਨੀ ਬਣਾਏਗਾ। ਇਸ ਮੌਕੇ ਐੱਨ.ਸੀ.ਪੀ. ਦੇ ਮੁਖੀ ਸ਼ਰਦ ਪਵਾਰ ਨੇ ਕਿਹਾ ਕਿ ਚੌਧਰੀ ਦੇਵੀ ਲਾਲ ਨੇ ਆਪਣੀ ਸਾਰੀ ਜ਼ਿੰਦਗੀ ਕਿਸਾਨਾਂ ਲਈ ਕੰਮ ਕੀਤਾ ਹੈ, ਪਰ ਅੱਜ ਕੇਂਦਰ ਵਿੱਚ ਕਾਬਜ਼ ਭਾਜਪਾ ਦੀ ਸਰਕਾਰ ਕਿਸਾਨ ਵਿਰੋਧੀ ਫ਼ੈਸਲੇ ਲੈ ਰਹੀ ਹੈ। ਉਨ੍ਹਾਂ ਕਿਹਾ ਕਿ 2024 ‘ਚ ਸਾਰੇ ਇਕਜੁੱਟ ਹੋ ਕੇ ਭਾਜਪਾ ਨੂੰ ਸੱਤਾ ਤੋਂ ਲਾਂਭੇ ਕਰ ਦੇਣਗੇ। ਸੀ.ਪੀ.ਐੱਮ. ਆਗੂ ਸੀਤਾਰਾਮ ਯੇਚੁਰੀ ਨੇ ਕਿਹਾ ਕਿ ਸਾਲ 2014 ‘ਚ ਭਾਜਪਾ ਨੇ ਲੋਕਾਂ ਨਾਲ ਵੱਡੇ-ਵੱਡੇ ਵਾਅਦੇ ਕੀਤੇ ਸਨ ਪਰ ਉਨ੍ਹਾਂ ਵਿੱਚੋਂ ਕੋਈ ਵਾਅਦਾ ਪੁਗਾਇਆ ਨਹੀਂ ਗਿਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਇਨੈਲੋ ਅਤੇ ਅਕਾਲੀ ਦਲ ਸਕੇ ਭਰਾ ਹਨ। ਇਸ ਰਿਸ਼ਤੇ ‘ਚ ਕਦੇ ਵੀ ਵਿਗਾੜ ਨਹੀਂ ਪੈ ਸਕਦਾ। ਉਨ੍ਹਾਂ ਕਿਹਾ ਕਿ ਚੌਧਰੀ ਚਰਨ ਸਿੰਘ, ਚੌਧਰੀ ਦੇਵੀ ਲਾਲ, ਪ੍ਰਕਾਸ਼ ਸਿੰਘ ਬਾਦਲ, ਸ਼ਰਦ ਪਵਾਰ ਨੇ ਸਦਾ ਹੀ ਕਿਸਾਨਾਂ ਦੇ ਹੱਕ ‘ਚ ਆਵਾਜ਼ ਚੁੱਕੀ ਹੈ, ਪਰ ਭਾਜਪਾ ਆਪਣੇ ਵਾਅਦੇ ਭੁੱਲ ਚੁੱਕੀ ਹੈ। ਇਨੈਲੋ ਦੇ ਸੁਪਰੀਮੋ ਓਮ ਪ੍ਰਕਾਸ਼ ਚੌਟਾਲਾ ਨੇ ਸਟੇਜ ‘ਤੇ ਸੁਖਬੀਰ ਬਾਦਲ ਦੀ ਮੌਜੂਦਗੀ ‘ਚ ਐਲਾਨ ਕੀਤਾ ਕਿ ਹਰਿਆਣਾ ‘ਚ ਪਾਰਟੀ ਦੀ ਸਰਕਾਰ ਬਨਣ ‘ਤੇ ਐੱਸ.ਵਾਈ.ਐੱਲ. ਦਾ ਨਿਰਮਾਣ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਭਾਜਪਾ ਨੂੰ ਦੇਸ਼ ਦੇ ਨਾਲ-ਨਾਲ ਸੂਬਿਆਂ ਵਿੱਚੋਂ ਵੀ ਬਾਹਰ ਕਰਨ ਦੀ ਲੋੜ ਹੈ।