ਭਾਰਤੀ ਜਨਤਾ ਪਾਰਟੀ ਦੇ ਮੈਂਬਰ ਪਾਰਲੀਮੈਂਟ ਅਤੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ ਖ਼ਿਲਾਫ਼ ਜਿਨਸੀ ਸ਼ੋਸ਼ਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਦੋਸ਼ ਲਾਏ ਜਾਣ ਦੇ ਇਕ ਦਿਨ ਬਾਅਦ ਭਲਵਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਕੁਸ਼ਤੀ ਫੈਡਰੇਸ਼ਨ ਨੂੰ ਭੰਗ ਕੀਤਾ ਜਾਵੇ। ਉਨ੍ਹਾਂ ਕਿਹਾ ਹੈ ਕਿ ਜਦੋਂ ਤੱਕ ਮੰਗਾਂ ਮੰਨ ਨਹੀਂ ਲਈਆਂ ਜਾਂਦੀਆਂ ਹਨ, ਉਹ ਪ੍ਰਦਰਸ਼ਨ ਜਾਰੀ ਰਖਣਗੇ। ਰਾਸ਼ਟਰਮੰਡਲ ਖੇਡਾਂ ‘ਚ ਤਿੰਨ ਵਾਰ ਦੀ ਚੈਂਪੀਅਨ ਵਿਨੇਸ਼ ਫੋਗਾਟ ਅਤੇ ਓਲੰਪਿਕ ਖੇਡਾਂ ‘ਚ ਕਾਂਸੇ ਦਾ ਤਗ਼ਮਾ ਜੇਤੂ ਬਜਰੰਗ ਪੂਨੀਆ ਤੇ ਸਾਕਸ਼ੀ ਮਲਿਕ ਸਮੇਤ ਹੋਰ ਨਾਮੀ ਭਲਵਾਨਾਂ ਨੇ ਤੀਜੇ ਦਿਨ ਵੀ ਜੰਤਰ ਮੰਤਰ ‘ਤੇ ਧਰਨਾ ਦਿੱਤਾ। ਇਸ ਦੌਰਾਨ ਰਾਸ਼ਟਰਮੰਡਲ ਖੇਡਾਂ ‘ਚ ਤਿੰਨ ਵਾਰ ਦੀ ਤਗ਼ਮਾ ਜੇਤੂ ਅਤੇ ਭਾਜਪਾ ਆਗੂ ਬਬੀਤਾ ਫੋਗਾਟ ਸਰਕਾਰ ਦਾ ‘ਸੁਨੇਹਾ’ ਲੈ ਕੇ ਭਲਵਾਨਾਂ ਨੂੰ ਮਿਲੀ ਅਤੇ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਮੰਨ ਲਿਆ ਜਾਵੇਗਾ। ਸਾਬਕਾ ਭਲਵਾਨ ਬਬੀਤਾ ਜੰਤਰ ਮੰਤਰ ‘ਤੇ ਪਹੁੰਚੀ ਅਤੇ ਉਸ ਨੇ ਭਲਵਾਨਾਂ ਦੀਆਂ ਮੰਗਾਂ ਨੂੰ ਧਿਆਨ ਨਾਲ ਸੁਣਿਆ। ਬਬੀਤਾ ਨੇ ਕਿਹਾ, ‘ਮੈਂ ਹੱਲ ਕੱਢਣ ਦੀ ਕੋਸ਼ਿਸ਼ ਕਰਾਂਗੀ। ਮੈਂ ਪਹਿਲਾਂ ਭਲਵਾਨ ਹਾਂ ਅਤੇ ਫਿਰ ਸਿਆਸੀ ਹਸਤੀ। ਮੈਂ ਉਨ੍ਹਾਂ ਦਾ ਦਰਦ ਸਮਝਦੀ ਹਾਂ ਅਤੇ ਜੋ ਭਲਵਾਨ ਚਾਹੁੰਦੇ ਹਨ, ਉਸ ਦਾ ਹੱਲ ਕੱਢਣ ਦੀ ਕੋਸ਼ਿਸ਼ ਕਰਾਂਗੀ।’ ਬਜਰੰਗ, ਅੰਸ਼ੂ ਮਲਿਕ, ਸਾਕਸ਼ੀ ਅਤੇ ਵਿਨੇਸ਼ ਨੇ ਮੰਗ ਕੀਤੀ ਕਿ ਕੁਸ਼ਤੀ ਫੈਡਰੇਸ਼ਨ ਨੂੰ ਭੰਗ ਕਰਕੇ ਨਵੀਂ ਫੈਡਰੇਸ਼ਨ ਬਣਾਈ ਜਾਵੇ। ਬਬੀਤਾ ਜਿਵੇਂ ਹੀ ਉਥੋਂ ਗਈ ਤਾਂ ਬਜਰੰਗ, ਉਨ੍ਹਾਂ ਦੀ ਪਤਨੀ ਸੰਗੀਤਾ, ਵਿਨੇਸ਼, ਸਰੀਤਾ ਮੋਰ, ਅੰਸ਼ੂ ਮਲਿਕ, ਅੰਤਿਮ ਪੰਘਾਲ ਨੂੰ ਖੇਡ ਸਕੱਤਰ ਸੁਜਾਤਾ ਚਤੁਰਵੇਦੀ ਨਾਲ ਮੀਟਿੰਗ ਦਾ ਸੱਦਾ ਮਿਲਿਆ। ਭਲਵਾਨਾਂ ਨਾਲ ਹੋਈ ਮੀਟਿੰਗ ਦੌਰਾਨ ਸਾਈ ਦੇ ਡਾਇਰੈਕਟਰ ਜਨਰਲ ਸੰਦੀਪ ਪ੍ਰਧਾਨ ਅਤੇ ਸੰਯੁਕਤ ਸਕੱਤਰ (ਖੇਡਾਂ) ਕੁਨਾਲ ਵੀ ਹਾਜ਼ਰ ਸਨ। ਟੋਕੀਓ ਓਲੰਪਿਕਸ ‘ਚ ਚਾਂਦੀ ਦਾ ਤਗ਼ਮਾ ਜੇਤੂ ਰਵੀ ਦਹੀਆ ਅਤੇ ਵਿਸ਼ਵ ਚੈਂਪੀਅਨਸ਼ਿਪ ‘ਚ ਚਾਂਦੀ ਦਾ ਤਗ਼ਮਾ ਜੇਤੂ ਦੀਪਕ ਪੂਨੀਆ ਨੇ ਵੀ ਹੋਰ ਭਲਵਾਨਾਂ ਨਾਲ ਧਰਨੇ ‘ਚ ਸ਼ਮੂਲੀਅਤ ਕੀਤੀ। ਇਸ ਦੌਰਾਨ ਭਲਵਾਨਾਂ ਦੀ ਹਮਾਇਤ ‘ਚ ਜੰਤਰ ਮੰਤਰ ‘ਤੇ ਪੁੱਜੀ ਸੀ.ਪੀ.ਐੱਮ. ਆਗੂ ਬਰਿੰਦਾ ਕਰਾਤ ਨੂੰ ਮੌਕੇ ਤੋਂ ਜਾਣ ਲਈ ਕਿਹਾ ਗਿਆ। ਭਲਵਾਨਾਂ ਨੇ ਕਿਹਾ ਕਿ ਉਹ ਆਪਣੇ ਧਰਨਾ-ਪ੍ਰਦਰਸ਼ਨ ਨੂੰ ਸਿਆਸੀ ਰੰਗ ਨਹੀਂ ਦੇਣਾ ਚਾਹੁੰਦੇ ਹਨ। ਬਜਰੰਗ ਪੂਨੀਆ ਨੇ ਬਰਿੰਦਾ ਨੂੰ ਕਿਹਾ ਕਿ ਉਹ ਇਸ ਮੁੱਦੇ ਨੂੰ ਸਿਆਸੀ ਰੰਗਤ ਨਾ ਦੇਣ ਅਤੇ ਉਥੋਂ ਚਲੇ ਜਾਣ। ਸਟੇਜ ਤੋਂ ਬਜਰੰਗ ਨੇ ਕਿਹਾ, ‘ਮੈਡਮ ਮਾਈਕ ਕਿਸੀ ਕੋ ਨਹੀਂ ਮਿਲੇਗਾ। ਨੀਚੇ ਉਤਰ ਜਾਈਏ।’ ਇਸ ਮਗਰੋਂ ਬਰਿੰਦਾ ਕਰਾਤ ਉਥੋਂ ਚਲੀ ਗਈ। ਕੁਸ਼ਤੀ ਫੈਡਰੇਸ਼ਨ ਦੀ ਸਾਲਾਨਾ ਅਤੇ ਕਾਰਜਕਾਰਨੀ ਕਮੇਟੀ ਦੀ ਮੀਟਿੰਗ 22 ਜਨਵਰੀ ਨੂੰ ਅਯੁੱਧਿਆ ‘ਚ ਹੋਵੇਗੀ। ਫੈਡਰੇਸ਼ਨ ਦਾ ਪ੍ਰਧਾਨ ਬ੍ਰਿਜ ਭੂਸ਼ਨ ਸ਼ਰਨ ਸਿੰਘ ਵੀ ਮੀਟਿੰਗ ‘ਚ ਹਿੱਸਾ ਲਵੇਗਾ। ਮਹਿਲਾ ਭਲਵਾਨਾਂ ਵੱਲੋਂ ਫੈਡਰੇਸ਼ਨ ਦੇ ਪ੍ਰਧਾਨ ‘ਤੇ ਜਿਨਸੀ ਸ਼ੋਸ਼ਣ ਅਤੇ ਵਧੀਕੀਆਂ ਦੇ ਦੋਸ਼ ਲਾਏ ਜਾਣ ਮਗਰੋਂ ਬੁੱਧਵਾਰ ਦੇਰ ਰਾਤ ਖੇਡ ਮੰਤਰਾਲੇ ਨੇ ਕੁਸ਼ਤੀ ਫੈਡਰੇਸ਼ਨ ਤੋਂ 72 ਘੰਟਿਆਂ ਦੇ ਅੰਦਰ ਜਵਾਬ ਮੰਗ ਲਿਆ ਸੀ। ਮੰਤਰਾਲੇ ਨੇ ਕਿਹਾ ਹੈ ਕਿ ਜੇਕਰ ਫੈਡਰੇਸ਼ਨ ਜਵਾਬ ਦੇਣ ‘ਚ ਨਾਕਾਮ ਰਹੀ ਤਾਂ ਉਸ ਖ਼ਿਲਾਫ਼ ਕੌਮੀ ਸਪੋਰਟਸ ਡਿਵੈਲਪਮੈਂਟ ਕੋਡ, 2011 ਤਹਿਤ ਕਾਰਵਾਈ ਕੀਤੀ ਜਾਵੇਗੀ। ਇਸੇ ਦੌਰਾਨ ਕਾਂਗਰਸ ਨੇ ਕੁਸ਼ਤੀ ਫੈਡਰੇਸ਼ਨ ਦੇ ਪ੍ਰਧਾਨ ਅਤੇ ਭਾਜਪਾ ਸੰਸਦ ਮੈਂਬਰ ਬ੍ਰਿਜ ਭੂਸ਼ਨ ਸ਼ਰਨ ਸਿੰਘ ਖ਼ਿਲਾਫ਼ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਮਗਰੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਿਹਾ ਹੈ ਕਿ ਉਹ ਆਪਣੀ ਖਾਮੋਸ਼ੀ ਤੋੜਨ। ਉਨ੍ਹਾਂ ਸਵਾਲ ਕੀਤਾ ਕਿ ਅਜੇ ਤੱਕ ਉਸ ਤੋਂ ਅਸਤੀਫ਼ਾ ਕਿਉਂ ਨਹੀਂ ਲਿਆ ਗਿਆ ਹੈ। ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਵਾਡਰਾ, ਜੈਰਾਮ ਰਮੇਸ਼ ਅਤੇ ਪਵਨ ਖੇੜਾ ਸਮੇਤ ਕਈ ਆਗੂਆਂ ਨੇ ਕਿਹਾ ਕਿ ਖਿਡਾਰੀ ਮੁਲਕ ਦੀ ਸ਼ਾਨ ਹਨ ਅਤੇ ਉਨ੍ਹਾਂ ਵੱਲੋਂ ਲਾਏ ਗਏ ਗੰਭੀਰ ਦੋਸ਼ਾਂ ਦੀ ਜਾਂਚ ਹੋਣੀ ਚਾਹੀਦੀ ਹੈ। ਜੈਰਾਮ ਰਮੇਸ਼ ਨੇ ਕਿਹਾ ਕਿ ਕੁਲਦੀਪ ਸੇਂਗਰ, ਚਿਨਮਯਾਨੰਦ ਅਤੇ ਵਿਨੋਦ ਆਰਿਆ ਤੇ ਪੁਲਕਿਤ ਆਰਿਆ ਤੋਂ ਬਾਅਦ ਹੁਣ ਨਵਾਂ ਮਾਮਲਾ ਸਾਹਮਣੇ ਆ ਗਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਆਗੂਆਂ ਵੱਲੋਂ ਮਹਿਲਾਵਾਂ ਖ਼ਿਲਾਫ਼ ਕੀਤੀਆਂ ਜਾਂਦੀਆਂ ਜ਼ਿਆਦਤੀਆਂ ਦੀ ਸੂਚੀ ਲੰਬੀ ਹੈ।