ਭਾਰਤੀ ਜਨਤਾ ਪਾਰਟੀ ਦੇ ਕੌਮੀ ਕਾਰਜਕਾਰਨੀ ਮੈਂਬਰ ਅਤੇ ਸੀਨੀਅਰ ਆਗੂ ਹਰਜੀਤ ਸਿੰਘ ਗਰੇਵਾਲ ਨੇ ਰਾਜਪੁਰਾ ‘ਚ ਮੀਡੀਆ ਕਾਨਫਰੰਸ ਦੌਰਾਨ ਪੱਤਰਕਾਰ ‘ਤੇ ਬਲੈਕਮੇਲਿੰਗ ਕਰਨ ਦੇ ਕਥਿਤ ਦੋਸ਼ ਲਗਾਏ। ਉਨ੍ਹਾਂ ਇਸ ਦੌਰਾਨ ਵਿਧਾਇਕ ਨੀਨਾ ਮਿੱਤਲ ਨੂੰ ਭੈਣ ਕਹਿ ਕੇ ਸੰਬੋਧਨ ਕਰਦਿਆਂ ਉਨ੍ਹਾਂ ਪ੍ਰਤੀ ਬੋਲੇ ਮਾੜੇ ਸ਼ਬਦਾਂ ਦੀ ਮੁਆਫ਼ੀ ਵੀ ਮੰਗੀ। ਜ਼ਿਕਰਯੋਗ ਹੈ ਕਿ ਇਕ ਯੂ-ਟਿਊਬ ਚੈਨਲ ਦੇ ਪੱਤਰਕਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਅਤੇ ਹਲਕਾ ਰਾਜਪੁਰਾ ਦੀ ਵਿਧਾਇਕਾ ਨੀਨਾ ਮਿੱਤਲ ਖ਼ਿਲਾਫ਼ ਅਪਸ਼ਬਦ ਬੋਲਣ ਦੇ ਦੋਸ਼ ਹੇਠ ਭਾਜਪਾ ਆਗੂ ਖ਼ਿਲਾਫ਼ ਕੇਸ ਦਰਜ ਹੋਣ ਤੋਂ ਬਾਅਦ ਉਨ੍ਹਾਂ ਇਹ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਯੂ-ਟਿਊਬ ਚੈਨਲ ਦੇ ਪੱਤਰਕਾਰ ‘ਤੇ ਕਥਿਤ ਸੌਦੇਬਾਜ਼ੀ ਕਰਕੇ ਉਸ ਨਾਲ 10 ਲੱਖ ਦਾ ਸੌਦਾ ਕਰਨ ਦਾ ਦੋਸ਼ ਲਾਇਆ। ਬਾਅਦ ‘ਚ ਪੈਸੇ ਆਪਸ ਵਿੱਚ ਵੰਡਣ ਦੇ ਦੋਸ਼ ਲਾਏ। ਉਨ੍ਹਾਂ ਦੱਸਿਆ ਕਿ ਬੀਤੇ ਦਿਨ ਰਾਜਪੁਰਾ ਦੇ ਹੋਟਲ ‘ਚ ਭਾਜਪਾ ਵੱਲੋਂ ਰੱਖੀ ਪ੍ਰੈੱਸ ਕਾਨਫਰੰਸ ‘ਚ ਵੀ ਉਸ ਪੱਤਰਕਾਰ ਵੱਲੋਂ ਵਿਧਾਇਕਾ ਨੀਨਾ ਮਿੱਤਲ ਦੀ ਪਾਰਟੀ ਬਣ ਕੇ ਸਵਾਲ ਪੁੱਛੇ ਗਏ। ਉਨ੍ਹਾਂ ਇਹ ਵੀ ਕਿਹਾ ਕਿ ਵਿਧਾਇਕਾ ਨੀਨਾ ਮਿੱਤਲ ਨੇ ਮੁੱਖ ਮੰਤਰੀ ਨੂੰ ਕਹਿ ਕੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰਵਾਇਆ ਹੈ। ਇਸ ਨੂੰ ਉਹ ਪੰਜਾਬ ਤੇ ਹਰਿਆਣਾ ਹਾਈ ਕੋਰਟ ‘ਚ ਚੁਣੌਤੀ ਦੇਣਗੇ। ਦੂਜੇ ਪਾਸੇ ਪੱਤਰਕਾਰ ਨੇ ਹਰਜੀਤ ਗਰੇਵਾਲ ‘ਤੇ ਪੈਸੇ ਮੰਗਣ ਦੇ ਦੋਸ਼ ਲਾਏ ਹਨ। ਉਨ੍ਹਾਂ ਗਰੇਵਾਲ ਨੂੰ ਚੁਣੌਤੀ ਦਿੱਤੀ ਕਿ ਜੇ ਗਰੇਵਾਲ ਕੋਲ ਉਸ ਖ਼ਿਲਾਫ਼ ਪੈਸੇ ਮੰਗਣ ਜਾਂ ਲੈਣ ਦੇਣ ਦਾ ਕੋਈ ਸਬੂਤ ਹੈ ਤਾਂ ਮੀਡੀਆ ਸਾਹਮਣੇ ਰੱਖੇ। ਪੱਤਰਕਾਰ ਨੇ ਦਾਅਵਾ ਕੀਤਾ ਕਿ ਉਸ ਕੋਲ ਗਰੇਵਾਲ ਦਾ ਸਟਿੰਗ ਅਪਰੇਸ਼ਨ ਮੌਜੂਦ ਹੈ।