ਟੋਯਾਹ ਕੋਰਡਿੰਗਲੇ ਨਾਂ ਦੀ ਮਹਿਲਾ ਦੇ 2018 ‘ਚ ਕੁਈਨਜ਼ਲੈਂਡ ਵਿਖੇ ਹੋਏ ਬੇਰਹਿਮੀ ਨਾਲ ਕਤਲ ਦੇ ਮਾਮਲੇ ‘ਚ ਪੰਜਾਬੀ ਮੂਲ ਦੇ ਆਸਟਰੇਲੀਆ ‘ਚ ਭਗੌੜੇ ਕਰਾਰ ਦਿੱਤੇ ਰਾਜਵਿੰਦਰ ਸਿੰਘ ਦੀ ਸੂਹ ਦੇਣ ਵਾਲੇ ਨੂੰ ਇਕ ਮਿਲੀਅਨ ਡਾਲਰ ਇਨਾਮ ਦਾ ਐਲਾਨ ਕੀਤਾ ਗਿਆ ਹੈ। ਆਸਟਰੇਲੀਆ ਪੁਲੀਸ ਨੇ ਭਗੌੜੇ ਰਾਜਵਿੰਦਰ ਸਿੰਘ ਦੀਆਂ ਨਵੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਹਨ। ਰਾਜਵਿੰਦਰ ਦੇ ਠਿਕਾਣੇ ਬਾਰੇ ਜਾਣਕਾਰੀ ਦੇਣ ਲਈ 1 ਮਿਲੀਅਨ ਆਸਟਰੇਲੀਅਨ ਡਾਲਰ ਦਾ ਇਨਾਮ ਦੇਣ ਦਾ ਐਲਾਨ ਕੀਤਾ ਗਿਆ ਹੈ। 24 ਸਾਲਾ ਔਰਤ ਕੋਰਡਿੰਗਲੇ ਐਤਵਾਰ 21 ਅਕਤੂਬਰ 2018 ਨੂੰ ਲਾਪਤਾ ਹੋ ਗਈ ਸੀ ਜਦੋਂ ਉਹ ਆਪਣੇ ਕੁੱਤੇ ਨੂੰ ਸੈਰ ਲਈ ਲੈ ਗਈ ਸੀ। ਉਸ ਦੀ ਲਾਸ਼ ਅਗਲੀ ਸਵੇਰ ਉਸ ਦੇ ਪਿਤਾ ਦੁਆਰਾ ਕੇਰਨਜ਼ ਤੋਂ ਸਿਰਫ਼ 40 ਕਿਲੋਮੀਟਰ ਉੱਤਰ ਵੱਲ ਵੈਂਗੇਟੀ ਬੀਚ ‘ਤੇ ਲੱਭੀ ਗਈ ਸੀ ।ਜਾਂਚਕਰਤਾਵਾਂ ਨੂੰ ਉਮੀਦ ਹੈ ਕਿ ਇਨਾਮ ਰਾਜ ਦੇ ਇਤਿਹਾਸ ‘ਚ ਸਭ ਤੋਂ ਵੱਡਾ ਹੈ ਅਤੇ ਇਹ ਉਨ੍ਹਾਂ ਨੂੰ 38 ਸਾਲਾ ਰਾਜਵਿੰਦਰ ਸਿੰਘ ਨੂੰ ਲੱਭਣ ‘ਚ ਮਦਦ ਕਰੇਗਾ, ਜੋ ਆਖਰੀ ਵਾਰ ਇੰਡੀਆ ‘ਚ ਦੇਖਿਆ ਗਿਆ ਸੀ। ਪੁਲੀਸ ਨੂੰ ਪਤਾ ਲੱਗਾ ਕਿ ਕਤਲ ਤੋਂ ਦੋ ਦਿਨ ਬਾਅਦ ਉਹ ਆਪਣੀ ਨੌਕਰੀ, ਪਤਨੀ ਅਤੇ ਤਿੰਨ ਬੱਚਿਆਂ ਨੂੰ ਛੱਡ ਕੇ ਆਸਟਰੇਲੀਆ ਤੋਂ ਇੰਡੀਆ ਭੱਜ ਗਿਆ ਸੀ। ਉਨ੍ਹਾਂ ਨੇ ਹੁਣ ਪਹਿਲੀ ਵਾਰ 23 ਅਕਤੂਬਰ 2018 ਦੀਆਂ ਰਾਜਵਿੰਦਰ ਸਿੰਘ ਦੇ ਦੇਸ਼ ਛੱਡਣ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਸੀ.ਸੀ.ਟੀ.ਵੀ. ਫੁਟੇਜ ਤੋਂ ਲਈਆਂ ਗਈਆਂ ਫੋਟੋਆਂ ਸਿਡਨੀ ਏਅਰਪੋਰਟ ‘ਤੇ ਰਾਜਵਿੰਦਰ ਸਿੰਘ ਨੂੰ ਕੱਪੜਿਆਂ ਦੇ ਦੋ ਵੱਖ-ਵੱਖ ਸੈੱਟ ਪਹਿਨੇ ਹੋਏ ਕੈਪਚਰ ਕਰਦੀਆਂ ਹਨ। ਮੰਨਿਆ ਜਾਂਦਾ ਹੈ ਕਿ ਉਸ ਨੇ ਇੰਡੀਆ ਦੀ ਯਾਤਰਾ ਕਰਨ ਤੋਂ ਪਹਿਲਾਂ ਕੇਅਰਨਜ਼ ਏਅਰਪੋਰਟ ਤੋਂ ਸਿਡਨੀ ਲਈ ਉਡਾਣ ਭਰੀ ਸੀ। ਆਸਟਰੇਲੀਅਨ ਅਧਿਕਾਰੀਆਂ ਨੇ ਮਾਰਚ 2021 ‘ਚ ਰਾਜਵਿੰਦਰ ਸਿੰਘ ਨੂੰ ਇੰਡੀਆ ਤੋਂ ਸਪੁਰਦ ਕਰਨ ਦੀ ਬੇਨਤੀ ਕੀਤੀ ਸੀ। ਉਹ ਉੱਤਰੀ ਕੁਈਨਜ਼ਲੈਂਡ ‘ਚ ਇਨਿਸਫੇਲ ‘ਚ ਰਹਿੰਦਾ ਸੀ ਪਰ ਮੂਲ ਰੂਪ ‘ਚ ਮੋਗਾ ਜ਼ਿਲ੍ਹੇ ਦੇ ਬੁੱਟਰ ਕਲਾਂ ਦਾ ਰਹਿਣ ਵਾਲਾ ਹੈ।