ਆਮ ਆਦਮੀ ਪਾਰਟੀ ਦੇ ਵਿਧਾਇਕ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਪਹੁੰਚੇ ਤਾਂ ਪੰਜਾਬ ਦੇ ਸਿਹਤ ਮੰਤਰੀ ਅਤੇ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵਾਈਸ ਚਾਂਸਵਰ ਵਿਚਾਲੇ ਛਿਡ਼ੇ ਵਿਵਾਦ ਤੋਂ ਨਿਰਾਸ਼ ਮੁੱਖ ਮੰਤਰੀ ਨੇ ਇਨ੍ਹਾਂ ਵਿਧਾਇਕਾਂ ਨੂੰ ਜਨਤਾ ਨਾਲ ਸਹੀ ਸਲੂਕ ਕਰਨ ਅਤੇ ਜ਼ਾਬਤੇ ਦਾ ਪਾਠ ਪਡ਼੍ਹਾਇਆ। ਮੁੱਖ ਮੰਤਰੀ ਨੇ ਸਰਕਾਰੀ ਰਿਹਾਇਸ਼ ਵਿਖੇ ਸੂਬੇ ਦੇ ਸਾਰੇ ‘ਆਪ’ ਵਿਧਾਇਕਾਂ ਨਾਲ ਮੀਟਿੰਗ ਕੀਤੀ। ਮੁੱਖ ਮੰਤਰੀ ਨੇ ਵਿਧਾਇਕਾਂ ਨੂੰ ਸੂਬਾ ਸਰਕਾਰ ਦੀਆਂ ਲੋਕ ਪੱਖੀ ਤੇ ਵਿਕਾਸ ਮੁਖੀ ਸਕੀਮਾਂ ਦਾ ਲਾਭ ਹੇਠਲੇ ਪੱਧਰ ਤੱਕ ਪਹੁੰਚਾਉਣਾ ਯਕੀਨੀ ਬਣਾਉਣ ਦੀ ਹਦਾਇਤ ਕੀਤੀ। ਭਗਵੰਤ ਮਾਨ ਨੇ ਸਾਰੇ ਵਿਧਾਇਕਾਂ ਨੂੰ ਸਕੂਲਾਂ, ਹਸਪਤਾਲਾਂ ਜਾਂ ਸਰਕਾਰੀ ਦਫ਼ਤਰਾਂ ’ਚ ਛਾਪੇ ਮਾਰਨੇ ਬੰਦ ਕਰ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਲੋਕਾਂ ਨਾਲ ਸੰਜਮ ਨਾਲ ਪੇਸ਼ ਆਉਣ ਦੀ ਨਸੀਹਤ ਵੀ ਦਿੱਤੀ। ਮੁੱਖ ਮੰਤਰੀ ਨੇ ਵਿਧਾਇਕਾਂ ਕੋਲੋਂ ਵਿਧਾਨ ਸਭਾ ਹਲਕਿਆਂ ’ਚ ਦਰਪੇਸ਼ ਸਮੱਸਿਆਵਾਂ ਬਾਰੇ ਫੀਡਬੈਕ ਹਾਸਲ ਕਰਨ ਲਈ 77 ਵਿਧਾਇਕਾਂ ਨੂੰ ਚੰਡੀਗਡ਼੍ਹ ਸਥਿਤ ਸਰਕਾਰੀ ਰਿਹਾਇਸ਼ ਵਿਖੇ ਸੱਦਿਆ ਸੀ ਜਿਸ ਤਹਿਤ ਉਨ੍ਹਾਂ ਤਿੰਨ ਪਡ਼ਾਵਾਂ ’ਚ ਮੀਟਿੰਗ ਕਰ ਕੇ ਵਿਧਾਇਕਾਂ ਦੀਆਂ ਸਮੱਸਿਆਵਾਂ ਸੁਣੀਆਂ। ਮੁੱਖ ਮੰਤਰੀ ਨੇ ਵਿਧਾਇਕਾਂ ਨਾਲ ਸੂਬਾ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਨਵੀਆਂ ਸਕੀਮਾਂ ਬਾਰੇ ਵੀ ਚਰਚਾ ਕੀਤੀ ਤੇ ਇਨ੍ਹਾਂ ਸਕੀਮਾਂ ਨੂੰ ਸਹੀ ਢੰਗ ਨਾਲ ਲਾਗੂ ਕਰਨ ਲਈ ਉਨ੍ਹਾਂ ਦੇ ਸੁਝਾਅ ਮੰਗੇ। ਵਿਧਾਨ ਸਭਾ ਹਲਕਾ ਫਤਹਿਗਡ਼੍ਹ ਸਾਹਿਬ ਤੋਂ ਵਿਧਾਇਕ ਲਖਬੀਰ ਸਿੰਘ ਰਾਏ ਨੇ ਪਟਿਆਲਾ-ਸਰਹੰਦ ਰੋਡ ਨੂੰ ਚਹੁੰ-ਮਾਰਗੀ ਕਰਨ ਦੀ ਮੰਗ ਕੀਤੀ। ਪਟਿਆਲਾ ਸ਼ਹਿਰੀ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਸ਼ਹਿਰ ’ਚੋਂ ਪਾਰਕਿੰਗ ਸਮੱਸਿਆ ਦੇ ਨਿਪਟਾਰੇ, ਪਟਿਆਲਾ ਦਿਹਾਤੀ ਤੋਂ ਡਾ. ਬਲਵੀਰ ਸਿੰਘ ਨੇ ਸਰੀਰਕ ਸਿੱਖਿਆ ਕਾਲਜ ਨੂੰ ਅਪਗਰੇਡ ਕਰਨ ਅਤੇ ਬੱਸੀ ਪਠਾਣਾਂ ਤੋਂ ਵਿਧਾਇਕ ਨੇ ਸ਼ਹਿਰ ਨੂੰ ਇੰਡਸਟਰੀ ਹੱਬ ਵਜੋਂ ਵਿਕਸਤ ਕਰਨ ਦੀ ਮੰਗ ਕੀਤੀ।