ਬੁੱਧਵਾਰ ਦੁਪਹਿਰ ਜਿਵੇਂ ਹੀ ਇਹ ਖ਼ਬਰ ਬਾਹਰ ਆਈ ਕਿ ਭਲਕੇ 7 ਜੁਲਾਈ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਆਹ ਕਰਵਾ ਰਹੇ ਹਨ ਤਾਂ ਦੁਨੀਆਂ ਭਰ ਦੇ ਪੰਜਾਬੀਆਂ ’ਚ ਚਰਚਾ ਛਿਡ਼ ਪਈ। ਲੱਖਾਂ ਲੋਕਾਂ ਨੂੰ ਤਾਂ ਇਹ ਖ਼ਬਰ ਇਕ ਝਟਕੇ ਵਾਂਗ ਲੱਗੀ ਕਿਉਂਕਿ ਕਿਸੇ ਨੇ ਇਸ ਪਾਸੇ ਨਾ ਸੋਚਿਆ ਸੀ ਨਾ ਵੇਖਿਆ ਸੀ। ਕਿਸੇ ਪੱਤਰਕਾਰ ਨੂੰ ਵੀ ਵਿਆਹ ਦੀ ਅੰਦਰਖਾਤੇ ਚੱਲ ਰਹੀ ਤਿਆਰੀ ਬਾਰੇ ਕਸਨੋਅ ਨਹੀਂ ਮਿਲੀ। ਅਸਲ ’ਚ ਪਹਿਲੀ ਪਤਨੀ ਨੂੰ ਤਲਾਕ ਕੇ ਚੁੱਕੇ ਭਗਵੰਤ ਮਾਨ ਡਾ. ਗੁਰਪ੍ਰੀਤ ਕੌਰ ਨਾਲ ਦੂਜਾ ਵਿਆਹ ਕਰਵਾਉਣ ਜਾ ਰਹੇ ਹਨ। ਉਨ੍ਹਾਂ ਦੀ ਪਹਿਲੀ ਪਤਨੀ ਦੋ ਬੱਚਿਆਂ ਮੁੰਡੇ ਤੇ ਕੁਡ਼ੀ ਨਾਲ ਅਮਰੀਕਾ ਰਹਿੰਦੀ ਹੈ। ਭਗਵੰਤ ਮਾਨ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਸਮਾਗਮ ’ਚ ਪਹਿਲੀ ਪਤਨੀ ਦੋਹਾਂ ਬੱਚਿਆਂ ਸਣੇ ਸ਼ਾਮਲ ਹੋਈ ਸੀ। ਜਾਣਕਾਰੀ ਅਨੁਸਾਰ ਮੁੱਖ ਮੰਤਰੀ ਭਗਵੰਤ ਮਾਨ ਵੀਰਵਰ ਨੂੰ ਦੂਜਾ ਕਰਵਾਉਣਗੇ। ਇਹ ਵਿਆਹ ਸਮਾਗਮ ਚੰਡੀਗਡ਼੍ਹ ’ਚ ਹੋਵੇਗਾ ਜਿਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਆਪਣੇ ਪਰਿਵਾਰ ਸਮੇਤ ਪਹੁੰਚਣਗੇ। ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਪਹੁੰਚ ਰਹੇ ਹਨ। ਇਸ ਤੋਂ ਇਲਾਵਾ ਬਹੁਤ ਘੱਟ ਮਹਿਮਾਨਾਂ ਨੂੰ ਵਿਆਹ ’ਚ ਸੱਦਿਆ ਗਿਆ ਹੈ। ਸਾਲ 2015 ’ਚ ਭਗਵੰਤ ਮਾਨ ਦਾ ਆਪਣੀ ਪਹਿਲੀ ਪਤਨੀ ਇੰਦਰਪ੍ਰੀਤ ਕੌਰ ਨਾਲ ਤਲਾਕ ਹੋ ਗਿਆ ਸੀ। ਭਗਵੰਤ ਮਾਨ ਦਾ ਵਿਆਹ ਸਿੱਖ ਰੀਤੀ-ਰਿਵਾਜ਼ਾਂ ਅਨੁਸਾਰ ਹੋਵੇਗਾ ਜਿਸ ਨੂੰ ਮੁੱਖ ਰੱਖਦਿਆਂ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਮੁੱਖ ਮੰਤਰੀ ਵਿਆਹ ਦਾ ਖਰਚਾ ਖੁਦ ਚੁੱਕ ਰਹੇ ਹਨ। ਭਗਵੰਤ ਮਾਨ ਦੀ ਪਤਨੀ ਬਾਰੇ ਦੱਸਿਆ ਜਾ ਰਿਹਾ ਹੈ ਕਿ ਉਹ ਉਨ੍ਹਾਂ ਦੇ ਪਰਿਵਾਰ ਦੇ ਕਰੀਬੀ ਹੈ। ਭਗਵੰਤ ਮਾਨ ਅਤੇ ਉਨ੍ਹਾਂ ਦੀ ਹੋਣ ਵਾਲੀ ਪਤਨੀ ਇਕ ਦੂਜੇ ਨੂੰ ਲੰਬੇ ਸਮੇਂ ਤੋਂ ਜਾਣਦੇ ਹਨ। ਭਗਵੰਤ ਮਾਨ ਦੀ ਮਾਂ ਵੀ ਕੁਡ਼ੀ ਨੂੰ ਪਸੰਦ ਕਰਦੀ ਹੈ। 48 ਵਰ੍ਹਿਆਂ ਦੀ ਉਮਰ ’ਚ ਭਗਵੰਤ ਮਾਨ 7 ਜੁਲਾਈ ਨੂੰ ਦੂਜਾ ਵਿਆਹ ਕਰਨਗੇ ਤੇ ਇਹ ਕੁਡ਼ੀ ਉਨ੍ਹਾਂ ਦੀ ਭੈਣ ਤੇ ਮਾਂ ਵੱਲੋਂ ਲੱਭੀ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਡਾ. ਗੁਰਪ੍ਰੀਤ ਕੌਰ ਹਰਿਆਣਾ ਦੇ ਪਿਹੋਵਾ ਜ਼ਿਲ੍ਹੇ ਦੇ ਰਹਿਣ ਵਾਲੇ ਹਨ ਅਤੇ ਇਸ ਰਿਸ਼ਤੇ ਨੂੰ ਭਗਵੰਤ ਮਾਨ ਹੁਰਾਂ ਦੀ ਮਾਂ ਹਰਪਾਲ ਕੌਰ ਅਤੇ ਭੈਣ ਮਨਪ੍ਰੀਤ ਕੌਰ ਨੇ ਹੀ ਤੈਅ ਕੀਤਾ ਹੈ। ਪਰਿਵਾਰ ਦੇ ਕਹਿਣ ’ਤੇ ਹੀ ਮੁੱਖ ਮੰਤਰੀ ਨੇ ਵਿਆਹ ਲਈ ਸਹਿਮਤੀ ਪ੍ਰਗਟਾਈ ਹੈ।