ਹੱਕੀ ਮੰਗਾਂ ਦੀ ਪੂਰਤੀ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਘੇਰਨ ਪੁੱਜੇ ਮਜ਼ਦੂਰਾਂ ‘ਤੇ ਪੁਲੀਸ ਨੇ ਲਾਠੀਚਾਰਜ ਕਰ ਦਿੱਤਾ। ਇਸ ‘ਚ ਕਈਆਂ ਦੀਆਂ ਪੱਗਾਂ ਲਹਿ ਗਈਆਂ ਅਤੇ ਔਰਤ ਆਗੂਆਂ ਦੀਆਂ ਚੁੰਨੀਆਂ ਵੀ। ਲਾਠੀਚਾਰਜ ‘ਚ ਕੁਝ ਮਜ਼ਦੂਰ ਜ਼ਖਮੀ ਵੀ ਹੋ ਗਏ। ਪੰਜਾਬ ਭਰ ਤੋਂ ਹਜ਼ਾਰਾਂ ਮਜ਼ਦੂਰ ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੀ ਅਗਵਾਈ ਹੇਠ ਆਪਣੀਆਂ ਮੰਗਾਂ ਦੀ ਪ੍ਰਾਪਤੀ ਲਈ ਮੁੱਖ ਮੰਤਰੀ ਦੇ ਘਰ ਦਾ ਕੁੰਡਾ ਖੜਕਾਉਣ ਪੁੱਜੇ ਸਨ। ਲਾਠੀਚਾਰਜ ਦੌਰਾਨ ਕਈ ਮਜ਼ਦੂਰਾਂ ਦੀਆਂ ਲੱਤਾਂ ਉਪਰ ਖੂਨ ਵਹਿ ਰਿਹਾ ਸੀ ਅਤੇ ਦੋ ਮਜ਼ਦੂਰਾਂ ਦੀਆਂ ਪੱਗਾਂ ਲੱਥਣ ਕਾਰਨ ਕੇਸ ਖੁੱਲ੍ਹ ਗਏ ਸਨ। ਕਰੀਬ ਇਕ ਘੰਟੇ ਤੱਕ ਮੁੱਖ ਮੰਤਰੀ ਦੀ ਕੋਠੀ ਅੱਗੇ ਮਾਹੌਲ ਤਣਾਅਪੂਰਨ ਬਣਿਆ ਰਿਹਾ। ਪ੍ਰਸ਼ਾਸਨ ਵੱਲੋਂ ਮੁੱਖ ਮੰਤਰੀ ਨਾਲ 21 ਦਸੰਬਰ ਨੂੰ ਸਵੇਰੇ 11 ਵਜੇ ਚੰਡੀਗੜ੍ਹ ‘ਚ ਮੀਟਿੰਗ ਕਰਵਾਉਣ ਦੇ ਦਿੱਤੇ ਲਿਖਤੀ ਭਰੋਸੇ ਮਗਰੋਂ ਮਜ਼ਦੂਰਾਂ ਨੇ ਧਰਨਾ ਪ੍ਰਦਰਸ਼ਨ ਖ਼ਤਮ ਕਰ ਦਿੱਤਾ। ਪੇਂਡੂ ਅਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੀ ਅਗਵਾਈ ਹੇਠ ਪੰਜਾਬ ਭਰ ਤੋਂ ਹਜ਼ਾਰਾਂ ਮਜ਼ਦੂਰਾਂ ਨੇ ਨੈਸ਼ਨਲ ਹਾਈਵੇਅ ‘ਤੇ ਪਟਿਆਲਾ-ਸੰਗਰੂਰ ਬਾਈਪਾਸ ਦੇਓ ਵਰਬ੍ਰਿਜ ਨਜ਼ਦੀਕ ਇਕੱਠੇ ਹੋ ਕੇ ਵਿਸ਼ਾਲ ਰੋਸ ਰੈਲੀ ਕੀਤੀ। ਇਸ ਮਗਰੋਂ ਰੋਸ ਮਾਰਚ ਕਰਦੇ ਹੋਏ ਮਜ਼ਦੂਰ ਜਿਉਂ ਹੀ ਮੁੱਖ ਮੰਤਰੀ ਦੀ ਰਿਹਾਇਸ਼ ਵਾਲੀ ਕਲੋਨੀ ਦੇ ਮੁੱਖ ਗੇਟ ਨਜ਼ਦੀਕ ਪੁੱਜੇ ਤਾਂ ਉਥੇ ਸਖ਼ਤ ਨਾਕੇਬੰਦੀ ਕਰ ਕੇ ਵੱਡੀ ਤਾਦਾਦ ਪੁਲੀਸ ਫੋਰਸ ਤਾਇਨਾਤ ਸੀ। ਜਿਉਂ ਹੀ ਮਜ਼ਦੂਰਾਂ ਨੇ ਜਬਰੀ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਤਾਂ ਪੁਲੀਸ ਨੇ ਮਜ਼ਦੂਰਾਂ ਉਪਰ ਲਾਠੀਚਾਰਜ ਕਰ ਦਿੱਤਾ। ਇਸ ਦੌਰਾਨ ਕਈ ਮਜ਼ਦੂਰਾਂ ਦੀਆਂ ਪੱਗਾਂ ਲੱਥ ਗਈਆਂ। ਸੂਬਾਈ ਮਜ਼ਦੂਰ ਆਗੂ ਤਰਸੇਮ ਪੀਟਰ ਦੇ ਕੱਪੜੇ ਤੱਕ ਫ਼ਟ ਗਏ। ਅੱਸੀ ਸਾਲਾ ਬਜ਼ੁਰਗ ਬਾਵਾ ਸਿੰਘ ਜ਼ਿਲ੍ਹਾ ਤਰਨ ਤਾਰਨ ਦੀ ਪੱਗ ਲੱਥ ਗਈ। ਮਜ਼ਦੂਰ ਆਗੂਆਂ ਨੇ ਕਈ ਮਜ਼ਦੂਰ ਔਰਤਾਂ ਦੇ ਵੀ ਸੱਟਾਂ ਲੱਗਣ ਦਾ ਦਾਅਵਾ ਕੀਤਾ ਹੈ।