ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ 89ਵੀਂ ਬਰਸੀ ਮੌਕੇ ਕਰਵਾਏ ਸਮਾਗਮ ਦੇ ਦੂਜੇ ਦਿਨ ਸ਼ਰਧਾਂਜਲੀ ਦੇਣ ਲਈ ਪਿੰਡ ਠੀਕਰੀਵਾਲਾ ਪਹੁੰਚੇ ਤਾਂ ਪ੍ਰਸ਼ਾਸਨ ਨੇ ਉਥੇ ਇਨਸਾਫ਼ ਦੀ ਮੰਗ ਲਈ ਲਾਏ ਬੈਨਰ ਹਟਾ ਦਿੱਤੇ। ਪਿੰਡ ਦੀ ਐਵਰਗਰੀਨ ਸੁਸਾਇਟੀ ਵੱਲੋਂ ਬਰਸੀ ਸਮਾਗਮ ਦੇ ਬਾਹਰ ਮਰਹੂਮ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆਂ, ਗਾਇਕ ਸਿੱਧੂ ਮੂਸੇਵਾਲਾ ਅਤੇ ਦੀਪ ਸਿੱਧੂ ਦੇ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਸਬੰਧੀ ਬੈਨਰ ਲਗਾਏ ਗਏ ਸਨ। ਇਨ੍ਹਾਂ ਬੈਨਰਾਂ ਨੂੰ ਰਾਤੋ-ਰਾਤ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਲਾਹ ਦਿੱਤਾ ਗਿਆ। ਸੁਸਾਇਟੀ ਦੇ ਮੈਂਬਰ ਨਿਰਦੇਵ ਸਿੰਘ ਔਲਖ ਨੇ ਸੱਤਾ ਧਿਰ ਤੇ ਪ੍ਰਸ਼ਾਸਨ ਦੀ ਇਸ ਕਾਰਵਾਈ ਦੀ ਨਿੰਦਾ ਕੀਤੀ ਹੈ। ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਬਰਨਾਲਾ ਦੀ ਧਰਤੀ ਸ਼ਹੀਦਾਂ, ਇਨਕਲਾਬੀਆਂ ਅਤੇ ਕਿਰਤੀਆਂ ਦੀ ਧਰਤੀ ਹੈ। ਇਥੋਂ ਦੇ ਲੋਕ ਹਮੇਸ਼ਾ ਆਪਣੇ ਹੱਕਾਂ ਲਈ ਜਾਗਰੂਕ ਰਹੇ ਹਨ। ਉਨ੍ਹਾਂ ਕਿਹਾ ਕਿ ਸੇਵਾ ਸਿੰਘ ਠੀਕਰੀਵਾਲਾ ਨੇ ਆਪਣੇ ਸਮੇਂ ਪਰਜਾ ਮੰਡਲ ਲਹਿਰ ਚਲਾ ਕੇ ਰਜਵਾੜਿਆਂ ਨਾਲ ਲੜਾਈ ਲੜੀ ਸੀ। ਇਹ ਲੜਾਈ ਮੌਜੂਦਾ ਸਮੇਂ ‘ਚ ਵੀ ਰਜਵਾੜਿਆਂ ਨਾਲ ਜਾਰੀ ਹੈ, ਸਿਰਫ਼ ਲੜਨ ਦੇ ਤਰੀਕੇ ਬਦਲੇ ਹਨ। ਮੁੱਖ ਮੰਤਰੀ ਨੇ ਪਿੰਡ ਠੀਕਰੀਵਾਲਾ ਨੂੰ ਨਮੂਨੇ ਦਾ ਪਿੰਡ ਬਣਾਉਣ ਤੇ ਸ਼ਹੀਦ ਸੇਵਾ ਸਿੰਘ ਦੀ ਯਾਦਗਾਰ ਉਸਾਰਨ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਲੜਕੀਆਂ ਦੇ ਸਕੂਲ ਨੂੰ ਨਰਸਿੰਗ ਕਾਲਜ ‘ਚ ਤਬਦੀਲ ਕਰਨ ਦਾ ਐਲਾਨ ਕੀਤਾ। ਭਗਵੰਤ ਮਾਨ ਨੇ ਕਿਹਾ ਕਿ ‘ਆਪ’ ਸਰਕਾਰ ਸ਼ਹੀਦਾਂ ਦਾ ਸਤਿਕਾਰ ਕਰਦੀ ਹੈ ਜਿਸ ਤਹਿਤ ਮੁਹਾਲੀ ਏਅਰਪੋਰਟ ਦਾ ਨਾਂ ਸ਼ਹੀਦ ਭਗਤ ਸਿੰਘ ਹਵਾਈ ਅੱਡਾ ਰੱਖਿਆ ਗਿਆ ਹੈ ਤੇ ਸ਼ਹੀਦ ਭਗਤ ਸਿੰਘ ਦਾ 35 ਫ਼ੁੱਟ ਉੱਚਾ ਬੁੱਤ ਸਥਾਪਿਤ ਕੀਤਾ ਜਾ ਰਿਹਾ ਹੈ। ਹੁਣ ਹਲਵਾਰਾ ਏਅਰਪੋਰਟ ਦਾ ਨਾਂ ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਨਾਂਅ ‘ਤੇ ਰੱਖਣ ਦਾ ਫ਼ੈਸਲਾ ਕੀਤਾ ਗਿਆ ਹੈ। ਮੁੱਖ ਮੰਤਰੀ ਨੇ ਹਰ ਵਰ੍ਹੇ 1800 ਪੁਲੀਸ ਮੁਲਾਜ਼ਮਾਂ ਦੀ ਭਰਤੀ ਅਤੇ 300 ਸਬ-ਇੰਸਪੈਕਟਰਾਂ ਦੀ ਭਰਤੀ ਕਰਨ ਦਾ ਵਾਅਦਾ ਕੀਤਾ। ਸੂਬੇ ‘ਚ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ 36 ਪ੍ਰਿੰਸੀਪਲਾਂ ਨੂੰ ਸਿੰਗਾਪੁਰ ਟ੍ਰੇਨਿੰਗ ਲਈ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬੇ ਦੀਆਂ ਸਾਰੀਆਂ ਫ਼ੈਕਟਰੀਆਂ ਦੇ ਮਾਲਕਾਂ ਨੂੰ ਦੱਸ ਦਿੱਤਾ ਗਿਆ ਹੈ ਕਿ ਪ੍ਰਦੂਸ਼ਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਬਰਨਾਲਾ ਜ਼ਿਲ੍ਹਾ ਡਾਰਕ ਜ਼ੋਨ ‘ਚ ਹੈ ਅਤੇ ਪਾਣੀ ਸਬੰਧੀ ਪਾਇਲਟ ਪ੍ਰਾਜੈਕਟ ਦੀ ਸ਼ੁਰੂਆਤ ਇਥੋਂ ਹੀ ਕੀਤੀ ਜਾਵੇਗੀ। ਇਸੇ ਦੌਰਾਨ ਪਰਜਾ ਮੰਡਲ ਲਹਿਰ ਦੇ ਮੋਢੀ ਮੈਂਬਰਾਂ ‘ਚ ਸ਼ਾਮਲ ਮਰਹੂਮ ਗਿਆਨੀ ਜ਼ੈਲ ਸਿੰਘ ਦੇ ਪਰਿਵਾਰਕ ਮੈਂਬਰ ਵਜੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਮਾਗਮ ‘ਚ ਹਾਜ਼ਰੀ ਭਰੀ। ਉਨ੍ਹਾਂ ਕਿਹਾ ਕਿ ਆਜ਼ਾਦੀ ਲਹਿਰ ‘ਚ ਪਰਜਾ ਮੰਡਲ ਲਹਿਰ ਦਾ ਅਹਿਮ ਰੋਲ ਰਿਹਾ ਹੈ। ਇਸ ਮੌਕੇ ਉਨ੍ਹਾਂ ਨਾਲ ਮੰਤਰੀ ਮੀਤ ਹੇਅਰ, ਹਲਕਾ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਅਤੇ ਪਾਰਟੀ ਵਰਕਰ ਹਾਜ਼ਰ ਸਨ।