ਬਜਟ ਸੈਸ਼ਨ ਦੇ ਦੂਜੇ ਦਿਨ ਦੀ ਕਾਰਵਾਈ ਪੰਜਾਬ ਵਿਧਾਨ ਸਭਾ ‘ਚ ਹੰਗਾਮਾ ਭਰਪੂਰ ਰਹੀ। ਇਸ ਸਮੇਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਜਦੋਂ ਚਰਚਾ ‘ਚ ਭਾਗ ਲੈ ਰਹੇ ਸਨ ਤਾਂ ਉਨ੍ਹਾਂ ਵਿਜੀਲੈਂਸ ਦੀ ਪੰਜਾਬ ਸਰਕਾਰ ਵੱਲੋਂ ਦੁਰਵਰਤੋਂ ਕਰਨ ਦਾ ਮੁੱਦਾ ਚੁੱਕਿਆ ਜਿਸ ‘ਤੇ ਮੁੱਖ ਮੰਤਰੀ ਭਗਵੰਤ ਮਾਨ ਉੱਠ ਖੜ੍ਹੇ ਹੋਏ। ਉਨ੍ਹਾਂ ਵੀ ਨਾਲੋ-ਨਾਲ ਬੋਲਣਾ ਸ਼ੁਰੂ ਕਰ ਦਿੱਤਾ ਅਤੇ ਇਕ ਸਮਾਂ ਅਜਿਹਾ ਆਇਆ ਕਿ ਜਦੋਂ ਇਹ ਦੋਵੇਂ ਨੇਤਾ ਪੂਰੀ ਭਿੜ ਗਏ। ਦੋਹਾਂ ਵਿਚਕਾਰ ਕਾਫੀ ਗਰਮਾ-ਗਰਮੀ ਹੋ ਗਈ। ਬਾਅਦ ‘ਚ ਹਾਊਸ ਤੋਂ ਬਾਹਰ ਆ ਕੇ ਕਾਂਗਰਸੀ ਵਿਧਾਇਕਾਂ ਨੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਮੁੱਖ ਮੰਤਰੀ ਨੂੰ ‘ਹੰਕਾਰੀ’ ਦੱਸਿਆ। ਬਾਜਵਾ ਨੇ ਵਿਜੀਲੈਂਸ ਦੀ ਕਾਰਵਾਈ ‘ਤੇ ਸਵਾਲ ਚੁੱਕੇ ਜਿਸ ‘ਤੇ ਮੁੱਖ ਮੰਤਰੀ ਨੇ ਕਿਹਾ ਕਿ ਸੋਨੀਆ ਗਾਂਧੀ ਕੋਲ ਕਾਂਗਰਸ ਦੇ 40 ਭ੍ਰਿਸ਼ਟ ਆਗੂਆਂ ਦੀ ਸੂਚੀ ਪਹੁੰਚੀ ਸੀ ਪਰ ਕਾਂਗਰਸ ਹਾਈ ਕਮਾਨ ਨੇ ਇਹ ਕਹਿੰਦਿਆਂ ਇਹ ਸੂਚੀ ਦੱਬ ਲਈ ਕਿ ਇਸ ਨਾਲ ਪਾਰਟੀ ਦੀ ਬਦਨਾਮੀ ਹੋਵੇਗੀ, ਕਾਂਗਰਸ ਪੰਜਾਬ ਦੀ ਬਦਨਾਮੀ ਦਾ ਝੱਲ ਸਕਦੀ ਹੈ ਪਰ ਪਾਰਟੀ ਦੀ ਨਹੀਂ ਝੱਲ ਸਕਦੀ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਕੋਈ ਆਮ ਆਦਮੀ ਪਾਰਟੀ ਦਾ ਆਗੂ ਗਲਤ ਕੰਮ ਕਰਦਾ ਹੈ ਤਾਂ ਉਸ ‘ਤੇ ਵੀ ਕਾਰਵਾਈ ਹੋਵੇਗੀ। ਇਸ ਦਾ ਜਵਾਬ ਦਿੰਦਿਆਂ ਬਾਜਵਾ ਨੇ ਕਿਹਾ ਕਿ ਸਰਕਾਰ ਨੇ ਸਾਬਕਾ ਮੰਤਰੀ ਫੌਜਾ ਸਿੰਘ ਸਰਾਰੀ ‘ਤੇ ਕਾਰਵਾਈ ਕਿਉਂ ਨਹੀਂ ਕੀਤੀ, ਬਠਿੰਡਾ ਵਾਲਾ ਕਿਉਂ ਨਹੀਂ ਫੜਿਆ ਗਿਆ। ਇਸ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਿਸੇ ਵੀ ਘਟਨਾ ਦੀ ਜਾਂਚ ਕਰਨ ‘ਚ ਸਮਾਂ ਲੱਗਦਾ ਹੈ ਅਤੇ ਜਾਂਚ ਪ੍ਰਕਿਰਿਆ ਤੋਂ ਬਾਅਦ ਹੀ ਕਾਰਵਾਈ ਹੁੰਦੀ ਹੈ ਜਦਕਿ ਬਠਿੰਡੇ ਵਾਲੇ ਮਾਮਲੇ ‘ਚ ਗ੍ਰਿਫ਼ਤਾਰੀ ਹੋ ਚੁੱਕੀ ਹੈ। ਤਿੱਖੀ ਬਹਿਸ ਦੌਰਾਨ ਮਾਨ ਨੇ ਕਿਹਾ ਕਿ ਜਾਂਚ ਚੱਲ ਰਹੀ ਹੈ ਵਾਰੀ ਸਭ ਦੀ ਆਵੇਗੀ। ਉਨ੍ਹਾਂ ਕਿਹਾ ਕਿ ਜਿਸ ਕਿਸੇ ਨੇ ਵੀ ਪੰਜਾਬ ਦਾ ਇਕ ਪੈਸਾ ਵੀ ਖਾਧਾ ਹੈ, ਉਸ ਤੋਂ ਹਿਸਾਬ ਲਿਆ ਜਾਵੇਗਾ। ਸਰਾਰੀ ‘ਤੇ ਕਾਰਵਾਈ ਦੇ ਸਵਾਲ ‘ਤੇ ਤੰਜ ਕੱਸਦਿਆਂ ਕਿਹਾ ਮਾਨ ਨੇ ਕਿਹਾ ਕਿ ਕਾਂਗਰਸ ਦੇ ਸਾਬਕਾ ਆਗੂ ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ, ਗੁਰਪ੍ਰੀਤ ਕਾਂਗੜ, ਬਲਬੀਰ ਸਿੰਘ ਸਿੱਧੂ, ਮਨਪ੍ਰੀਤ ਬਾਦਲ ਅਤੇ ਤੁਹਾਡਾ ਭਰਾ ਫਤਿਹਜੰਗ ਬਾਜਵਾ ਕਿੱਥੇ ਹਨ। ਉਨ੍ਹਾਂ ਕਿਹਾ ਕਿ ਜੇ ਪਾਰਟੀ ਬਦਲ ਦਿੱਤੀ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਬਚ ਜਾਓਗੇ, ਜੇ ਪੰਜਾਬ ਦਾ ਪੈਸਾ ਖਾਧਾ ਹੈ ਤਾਂ ਅੰਦਰ ਜ਼ਰੂਰ ਜਾਓਗੇ। ਬਾਜਵਾ ਨੇ ਵੀ ਕਾਂਗਰਸ ਵਲੋਂ ਸ਼ੁਰੂਆਤ ਕਰਨ ਦੀ ਗੱਲ ਕਹੀ। ਮਾਨ ਨੇ ਜਵਾਬ ਦਿੱਤਾ ਕਿ ਜੋ ਕਰ ਸਕਦੇ ਹੋ ਕਰ ਲਵੋ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਨੇ ਸੰਸਦ ‘ਚ ਪ੍ਰਧਾਨ ਮੰਤਰੀ ਮੋਦੀ ਅਤੇ ਅਡਾਨੀ ਦੇ ਰਸ਼ਿਤਆਂ ‘ਤੇ ਸਵਾਲ ਚੁੱਕੇ ਸਨ ਪਰ ਛੱਤੀਸਗੜ੍ਹ ਅਤੇ ਰਾਜਸਥਾਨ ‘ਚ ਕਾਂਗਰਸ ਨੇ ਹੀ ਅਡਾਨੀ ਨੂੰ ਖੱਡਾਂ ਦਿੱਤੀਆਂ ਹੋਈਆਂ ਹਨ। ਮਾਨ ਨੇ ਬਾਜਵਾ ਨੂੰ ਕਿਹਾ ਕਿ ਢੱਕੇ ਰਹੋ, ਕਾਫੀ ਕੁਝ ਨਿਕਲੇਗਾ। ਮਾਨ ਨੇ ਸ਼ੇਅਰ ਸੁਣਾਉਂਦਿਆਂ ਕਿਹਾ ਕਿ ‘ਮੇਰੀ ਕਮੀਜ਼ ‘ਤੇ ਲੱਖਾਂ ਦਾਗ ਹਨ ਪਰ ਖ਼ੁਦਾ ਦਾ ਸ਼ੁਕਰ ਹੈ ਕੋਈ ਧੱਬਾ ਨਹੀਂ ਹੈ। ਇਸ ‘ਤੇ ਬਾਜਵਾ ਨੇ ਜਵਾਬ ਦਿੰਦਿਆਂ ਕਿਹਾ ਕਿ ਇਹ ਕਮੀਜ਼ ਹੀ ਫਟਣ ਵਾਲੀ ਹੈ। ਇਸ ਤੋਂ ਬਾਅਦ ਵਿਧਾਨ ‘ਚ ਵਿਧਾਇਕ ਇਕ ਦੂਜੇ ਦੇ ਆਹਮੋ-ਸਾਹਮਣੇ ਹੋ ਗਏ ਅਤੇ ਮਾਹੌਲ ਗਰਮਾਉਂਦਾ ਦੇਖ ਸਪੀਕਰ ਵਲੋਂ ਕਾਰਵਾਈ ਕੁਝ ਦੇਰ ਲਈ ਲਈ ਮੁਲਤਵੀ ਕਰ ਦਿੱਤੀ। ਇਸ ‘ਤੇ ਬਾਹਰ ਆ ਕੇ ਪ੍ਰਤਾਪ ਸਿੰਘ ਬਾਜਵਾ, ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸੁਖਜਿੰਦਰ ਸਿੰਘ ਰੰਧਾਵਾ, ਸੁਖਪਾਲ ਸਿੰਘ ਖਹਿਰਾ ਤੇ ਹੋਰਨਾਂ ਨੇ ਸਰਕਾਰ ਖ਼ਿਲਾਫ਼ ਨਾਅਰੇ ਲਾਏ।