ਸੰਯੁਕਤ ਰਾਸ਼ਟਰ ਦੇ ਵਿਸ਼ਵ ਭੋਜਨ ਪ੍ਰੋਗਰਾਮ ਦੇ ਮੁਖੀ ਨੇ ਭਿਆਨਕ ਚਿਤਾਵਨੀ ਜਾਰੀ ਕਰਦਿਆਂ ਕਿਹਾ ਹੈ ਕਿ ਦੁਨੀਆ ਦੇ 34.5 ਕਰੋੜ ਲੋਕ ਭੁੱਖਮਰੀ ਵੱਲ ਵੱਧ ਰਹੇ ਹਨ। ਉਨ੍ਹਾਂ ਕਿਹਾ ‘ਇਕ ਅਜਿਹੀ ਹੰਗਾਮੀ ਸਥਿਤੀ ਪੈਦਾ ਹੋ ਰਹੀ ਹੈ ਜਿਸ ਦਾ ਅੰਦਾਜ਼ਾ ਲਾਉਣਾ ਵੀ ਮੁਸ਼ਕਲ ਹੈ।’ ਵਰਲਡ ਫੂਡ ਪ੍ਰੋਗਰਾਮ ਦੇ ਕਾਰਜਕਾਰੀ ਡਾਇਰੈਕਟਰ ਡੇਵਿਡ ਬੀਜ਼ਲੇਅ ਨੇ ਦੱਸਿਆ ਕਿ 7 ਕਰੋੜ ਲੋਕ ਪਹਿਲਾਂ ਹੀ ਯੂਕਰੇਨ ਜੰਗ ਕਾਰਨ ਭੁੱਖਮਰੀ ਦੀ ਕਗਾਰ ਉਤੇ ਹਨ। ਸੰਯੁਕਤ ਰਾਸ਼ਟਰ ਦੇ ਅਧਿਕਾਰੀ ਨੇ ਕਿਹਾ ਕਿ 82 ਮੁਲਕਾਂ ‘ਚ 34 ਕਰੋੜ ਤੋਂ ਵੱਧ ਲੋਕ ਖਾਧ ਅਸੁਰੱਖਿਆ ਦੇ ਗੰਭੀਰ ਖ਼ਤਰੇ ਦਾ ਸਾਹਮਣਾ ਕਰ ਰਹੇ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਇਹ ਬਹੁਤ ਪ੍ਰੇਸ਼ਾਨ ਕਰਨ ਵਾਲੀ ਗੱਲ ਹੈ ਕਿ 45 ਮੁਲਕਾਂ ‘ਚ 5 ਕਰੋੜ ਲੋਕ ਗੰਭੀਰ ਕੁਪੋਸ਼ਣ ਦਾ ਸ਼ਿਕਾਰ ਹੋ ਗਏ ਹਨ ਤੇ ‘ਭੁੱਖਮਰੀ ਦੇ ਦਰਾਂ ਉਤੇ ਹਨ।’ ਡੇਵਿਡ ਨੇ ਕਿਹਾ ਕਿ, ‘ਜਿਸ ਨੂੰ ਪਹਿਲਾਂ ਭੁੱਖਮਰੀ ਦੀ ਲਹਿਰ ਕਿਹਾ ਜਾ ਰਿਹਾ ਸੀ, ਉਹ ਹੁਣ ਸੁਨਾਮੀ ਬਣ ਚੁੱਕੀ ਹੈ।’ ਉਨ੍ਹਾਂ ਇਸ ਲਈ ਵਧਦੇ ਜਾ ਰਹੇ ਟਕਰਾਅ, ਮਹਾਮਾਰੀ ਦੇ ਗੰਭੀਰ ਆਰਥਿਕ ਸਿੱਟਿਆਂ, ਜਲਵਾਯੂ ਤਬਦੀਲੀ, ਵੱਧ ਰਹੀਆਂ ਤੇਲ ਕੀਮਤਾਂ ਤੇ ਯੂਕਰੇਨ ਜੰਗ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਸੰਯੁਕਤ ਰਾਸ਼ਟਰ ਦੇ ਅਧਿਕਾਰੀ ਨੇ ਕਿਹਾ ਕਿ 24 ਫਰਵਰੀ ਨੂੰ ਯੂਕਰੇਨ ‘ਤੇ ਰੂਸ ਦੇ ਹਮਲੇ ਤੋਂ ਬਾਅਦ ਵਧੀਆਂ ਤੇਲ, ਖਾਦ ਤੇ ਖੁਰਾਕੀ ਪਦਾਰਥਾਂ ਦੀਆਂ ਕੀਮਤਾਂ ਨੇ 7 ਕਰੋੜ ਲੋਕਾਂ ਨੂੰ ਭੁੱਖਮਰੀ ਦੀਆਂ ਬਰੂਹਾਂ ‘ਤੇ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਜੁਲਾਈ ‘ਚ ਇਕ ਸਮਝੌਤੇ ਤਹਿਤ ਯੂਕਰੇਨ ਤੋਂ ਅਨਾਜ ਕੱਢ ਦਿੱਤਾ ਗਿਆ ਸੀ, ਪਰ ਫਿਰ ਵੀ ਇਸ ਸਾਲ ਕਈ ਗੰਭੀਰ ਭੁੱਖਮਰੀਆਂ ਦਾ ਖ਼ਤਰਾ ਬਰਕਰਾਰ ਹੈ।