ਗੁਜਰਾਤ ਦੰਗਿਆਂ ਸਬੰਧੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਬੀ.ਬੀ.ਸੀ. ਦੀ ਦਸਤਾਵੇਜ਼ੀ ਦੇ ਮੁੱਦੇ ‘ਤੇ ਵਿਵਾਦ ਦਰਮਿਆਨ ਇੰਡੀਆ ਨੇ ਦਸਤਾਵੇਜ਼ੀ ਨੂੰ ‘ਕੂੜ ਪ੍ਰਚਾਰ ਦਾ ਹਿੱਸਾ’ ਦੱਸ ਕੇ ਖਾਰਜ ਕਰ ਦਿੱਤਾ ਹੈ। ਇੰਡੀਆ ਨੇ ਕਿਹਾ ਕਿ ਇਹ ਦਸਤਾਵੇਜ਼ੀ ‘ਝੂਠੇ ਬਿਰਤਾਂਤ’ ਦੇ ਪ੍ਰਚਾਰ ਪਾਸਾਰ ਲਈ ਘੜੀ ਗਈ ਹੈ ਤੇ ਇਸ ਲੜੀ ‘ਚ ਬਸਤੀਵਾਦੀ ਮਾਨਸਿਕਤਾ ‘ਸਪੱਸ਼ਟ ਰੂਪ ‘ਚ ਨਜ਼ਰ’ ਆਉਂਦੀ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਅਰਿੰਦਮ ਬਾਗਚੀ ਨੇ ਦਸਤਾਵੇਜ਼ੀ ਦੇ ਮੰਤਵ ਤੇ ਇਸ ਪਿਛਲੇ ‘ਏਜੰਡੇ’ ਬਾਰੇ ਹੈਰਾਨੀ ਜਤਾਈ। ਉਨ੍ਹਾਂ ਕਿਹਾ ਕਿ ਸਪੱਸ਼ਟ ਤੌਰ ‘ਤੇ ਉਹ ਅਜਿਹੀਆਂ ਕੋਸ਼ਿਸ਼ਾਂ ਨੂੰ ਅਹਿਮੀਅਤ ਨਹੀਂ ਦੇਣਾ ਚਾਹੁੰਦੇ। ਬੀ.ਬੀ.ਸੀ. ਦੀ ਦੋ ਕੜੀਆਂ ਵਾਲੀ ਇਹ ਦਸਤਾਵੇਜ਼ੀ ‘ਇੰਡੀਆ: ਦਿ ਮੋਦੀ ਕੁਅਸ਼ਚਨ’ 2002 ਦੇ ਗੁਜਰਾਤ ਦੰਗਿਆਂ, ਜਦੋਂ ਨਰਿੰਦਰ ਮੋਦੀ ਸੂਬੇ ਦੇ ਮੁੱਖ ਮੰਤਰੀ ਸਨ, ਦੇ ਕੁਝ ਪਹਿਲੂਆਂ ਦੀ ਜਾਂਚ ਕੀਤੇ ਜਾਣ ਦਾ ਦਾਅਵਾ ਕਰਦੀ ਹੈ। ਬਾਗਚੀ ਨੇ ਕਿਹਾ, ‘ਮੈਂ ਸਾਫ਼ ਕਰ ਦੇਣਾ ਚਾਹੁੰਦਾ ਹਾਂ ਕਿ ਸਾਡਾ ਮੰਨਣਾ ਹੈ ਕਿ ਇਹ ਕੂੜ ਪ੍ਰਚਾਰ ਦਾ ਹਿੱਸਾ ਹੈ, ਜੋ ਇਕ ਝੂਠੇ ਬਿਰਤਾਂਤ ਦੇ ਪ੍ਰਚਾਰ ਪਾਸਾਰ ਲਈ ਸਿਰਜਿਆ ਗਿਆ ਹੈ। ਇਸ ‘ਚੋਂ ਪੱਖਪਾਤ, ਵਾਸਤਵਿਕਤਾ ਦੀ ਘਾਟ ਤੇ ਬਸਤੀਵਾਦੀ ਮਾਨਸਿਕਤਾ ਸਾਫ਼ ਝਲਕਦੀ ਹੈ।’ ਬਾਗਚੀ ਦਸਤਾਵੇਜ਼ੀ ਬਾਰੇ ਪੁੱਛੇ ਸਵਾਲਾਂ ਦੇ ਜਵਾਬ ਦੇ ਰਹੇ ਸਨ। ਉਨ੍ਹਾਂ ਕਿਹਾ, ‘ਇਹ ਦਸਤਾਵੇਜ਼ੀ ਜਾਂ ਫਿਲਮ ਉਨ੍ਹਾਂ ਲੋਕਾਂ ਤੇ ਏਜੰਸੀ ਦੀ ਮਾਨਸਿਕਤਾ ਨੂੰ ਵੀ ਦਰਸਾਉਂਦੀ ਹੈ। ਇਸ ਪੂਰੀ ਮਸ਼ਕ ਦਾ ਮੰਤਵ ਤੇ ਇਸ ਪਿਛਲਾ ਏਜੰਡਾ ਸਾਨੂੰ ਹੈਰਾਨ ਕਰਦਾ ਹੈ ਤੇ ਅਸੀਂ ਅਜਿਹੀਆਂ ਕੋਸ਼ਿਸ਼ਾਂ ਨੂੰ ਵਡਿਆਉਣਾ ਨਹੀਂ ਚਾਹੁੰਦੇ।’ ਬ੍ਰਿਟੇਨ ਦੇ ਸਾਬਕਾ ਵਿਦੇਸ਼ ਸਕੱਤਰ ਜੈਕ ਸਟਰਾਅ ਵੱਲੋਂ ਦੰਗਿਆਂ ਬਾਰੇ ਕੀਤੀਆਂ ਟਿੱਪਣੀਆਂ ਬਾਰੇ ਪੁੱਛੇ ਜਾਣ ‘ਤੇ ਬਾਗਚੀ ਨੇ ਕਿਹਾ ਕਿ ਉਹ ਸ਼ਾਇਦ ਯੂ.ਕੇ. ਸਰਕਾਰ ਦੀ ਕਿਸੇ ਅੰਦਰੂਨੀ ਰਿਪੋਰਟ ਦਾ ਹਵਾਲਾ ਦੇ ਰਹੇ ਹਨ। ਉਨ੍ਹਾਂ ਕਿਹਾ, ‘ਮੇਰੀ ਉਸ (ਰਿਪੋਰਟ ਤੱਕ) ਪਹੁੰਚ ਕਿਵੇਂ ਹੋ ਸਕਦੀ ਹੈ? ਇਹ 20 ਸਾਲ ਪੁਰਾਣੀ ਰਿਪੋਰਟ ਹੈ। ਮੈਂ ਹੁਣ ਇਸ ਝਮੇਲੇ ‘ਚ ਕਿਉਂ ਪਵਾਂ? ਸਿਰਫ ਇਸ ਲਈ ਕਿ ਜੈਕ ਸਟਰਾਅ ਨੇ ਇਹ ਗੱਲ ਕਹੀ ਹੈ। ਇਸ ਨਾਲ ਇਸ ਨੂੰ ਕਾਨੂੰਨੀ ਪ੍ਰਮਾਣਿਕਤਾ ਕਿਵੇਂ ਮਿਲ ਸਕਦੀ ਹੈ।’ ਬਾਗਚੀ ਨੇ ਕਿਹਾ, ‘ਮੈਂ ਜਾਂਚ ਤੇ ਪੜਤਾਲ ਜਿਹੇ ਸ਼ਬਦ ਸੁਣੇ ਹਨ। ਅਸੀਂ ਬਸਤੀਵਾਦੀ ਮਾਨਸਿਕਤਾ ਸ਼ਬਦ ਵਰਤਿਆ, ਇਸ ਦੀ ਇਕ ਵਜ੍ਹਾ ਹੈ। ਅਸੀਂ ਸਹਿਜੇ ਹੀ ਇਹ ਸ਼ਬਦ ਨਹੀਂ ਵਰਤਦੇ। ਕਿਹੜੀ ਪੜਤਾਲ? ਉਹ ਇਥੇ ਡਿਪਲੋਮੈਟ ਹਨ। ਜਾਂਚ, ਕੀ ਉਹ ਦੇਸ਼ ‘ਤੇ ਰਾਜ ਕਰ ਰਹੇ ਹਨ। ਮੈਂ ਕਿਰਦਾਰਾਂ ਦੇ ਇਸ ਚਿੱਤਰਨ ਨਾਲ ਸਹਿਮਤ ਨਹੀਂ ਹਾਂ।’ ਵਿਦੇਸ਼ ਮੰਤਰਾਲੇ ਦੇ ਤਰਜਮਾਨ ਨੇ ਇਸ ਗੱਲ ਦਾ ਨੋਟਿਸ ਲਿਆ ਕੇ ਇੰਡੀਆ ‘ਚ ਇਹ ਦਸਤਾਵੇਜ਼ੀ ਅਜੇ ਤੱਕ ਨਹੀਂ ਵਿਖਾਈ ਗਈ। ਉਂਜ ਦਸਤਾਵੇਜ਼ੀ ਨੂੰ ਵਰਚੁਅਲੀ ਨਿੱਜੀ ਨੈੱਟਵਰਕਾਂ ‘ਤੇ ਵੇਖਿਆ ਜਾ ਸਕਦਾ ਹੈ। ਤਰਜਮਾਨ ਨੇ ਆਪਣੀ ਸ਼ੁਰੂਆਤੀ ਟਿੱਪਣੀਆਂ ‘ਚ ਕਿਹਾ, ‘ਇਹ ਨੋਟ ਕੀਤਾ ਜਾਵੇ ਕਿ ਦਸਤਾਵੇਜ਼ੀ ਦੀ ਅਜੇ ਇੰਡੀਆ ‘ਚ ਸਕਰੀਨਿੰਗ ਨਹੀਂ ਹੋਈ। ਲਿਹਾਜ਼ਾ ਮੈਂ ਇਸ ਸੰਦਰਭ ‘ਚ ਸਿਰਫ਼ ਉਸੇ ਗੱਲ ਬਾਰੇ ਟਿੱਪਣੀ ਕਰਾਂਗਾ, ਜੋ ਮੈਂ ਸੁਣਿਆ ਤੇ ਜਿਹੜਾ ਮੇਰੇ ਸਾਥੀਆਂ ਨੇ ਵੇਖਿਆ ਹੈ।’ ਬਰਤਾਨਵੀ ਨਾਗਰਿਕਾਂ ਦੀ ਮੌਤ ਦੇ ਦਾਅਵੇ ਬਾਰੇ ਸਵਾਲ ‘ਤੇ ਬਾਗਚੀ ਨੇ ਕਿਹਾ ਕਿ ਜੇਕਰ ਇੰਡੀਆ ‘ਚ ਮੌਤਾਂ ਹੋਈਆਂ ਹਨ ਤਾਂ ਦੇਸ਼ ਦੀ ਕਾਨੂੰਨ ਪ੍ਰਕਿਰਿਆ ਦਾ ਪਾਲਣ ਕਰਨਾ ਹੋਵੇਗਾ। 2002 ‘ਚ ਅਜਿਹਾ ਹੋਇਆ ਜਾਂ ਨਹੀਂ, ਮੈਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸੇ ਦੌਰਾਨ ਦਸਤਾਵੇਜ਼ੀ ਨੂੰ ਲੈ ਕੇ ਪਏ ਰੌਲੇ-ਰੱਪੇ ਦਰਮਿਆਨ ਬ੍ਰਿਟਿਸ਼ ਬਰਾਡਕਾਸਟਿੰਗ ਕਾਰਪੋਰੇਸ਼ਨ (ਬੀ.ਬੀ.ਸੀ.) ਨੇ ਕਿਹਾ ਕਿ ਇਹ ਦਸਤਾਵੇਜ਼ੀ ‘ਸਖ਼ਤ ਮੁਸ਼ੱਕਤ ਨਾਲ ਕੀਤੀ ਖੋਜ’ ਦਾ ਨਤੀਜਾ ਹੈ ਤੇ ਇਸ ਦੌਰਾਨ ਸੰਪਾਦਕੀ ਦੇ ਸਿਖਰਲੇ ਮਿਆਰਾਂ ਦਾ ਖਿਆਲ ਰੱਖਿਆ ਗਿਆ ਹੈ। ਦਸਤਾਵੇਜ਼ੀ ਤਿਆਰ ਕਰਨ ਮੌਕੇ ਵੱਖ ਵੱਖ ਖੇਤਰਾਂ ਨਾਲ ਸਬੰਧਤ ਹਸਤੀਆਂ, ਚਸ਼ਮਦੀਦਾਂ ਤੇ ਮਾਹਿਰਾਂ ਤੱਕ ਪਹੁੰਚ ਕੀਤੀ ਗਈ ਤੇ ਅਸੀਂ ਭਾਜਪਾ ਤੇ ਹੋਰਨਾਂ ਦੇ ਪ੍ਰਤੀਕਰਮਾਂ ਨੂੰ ਪ੍ਰਮੁੱਖਤਾ ਨਾਲ ਰੱਖਿਆ ਹੈ। ਅਸੀਂ ਭਾਰਤ ਸਰਕਾਰ ਨੂੰ ਆਪਣਾ ਪੱਖ ਰੱਖਣ ਦਾ ਮੌਕਾ ਦਿੱਤਾ ਸੀ, ਪਰ ਉਨ੍ਹਾਂ ਕੋਈ ਜਵਾਬ ਦੇਣ ਤੋਂ ਨਾਂਹ ਕਰ ਦਿੱਤੀ।