ਇਸੇ ਸਾਲ ਮਈ ‘ਚ ਐਬਟਸਫੋਰਡ ਦੇ ਇਕ ਬਜੁਰਗ ਜੋੜੇ ਦੇ ਕਤਲ ਦੇ ਦੋਸ਼ ਹੇਠ ਇੰਟੈਗਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਦੀ ਟੀਮ ਵੱਲੋਂ ਸਰੀ ਦੇ ਤਿੰਨ ਪੰਜਾਬੀਆ ‘ਤੇ ਪਹਿਲੀ ਡਿਗਰੀ ਦੇ ਕਤਲ ਦੇ ਦੋਸ਼ ਲਗਾ ਕੇ ਗ੍ਰਿਫ਼ਤਾਰ ਕੀਤਾ ਗਿਆ ਹੈ। ਇਸ ਸਬੰਧ ‘ਚ ਆਈ.ਐੱਚ.ਆਈ.ਟੀ. ਵੱਲੋਂ ਸਰੀ ਦੇ 22 ਸਾਲਾ ਗੁਰਕਰਨ ਸਿੰਘ, 20 ਸਾਲਾ ਖੁਸ਼ਵੀਰ ਸਿੰਘ ਤੂਰ ਤੇ ਅਭਿਜੀਤ ਸਿੰਘ ਨੂੰ ਕਾਬੂ ਕੀਤਾ ਗਿਆ ਹੈ। ਇਨ੍ਹਾਂ ‘ਤੇ 77 ਸਾਲਾ ਬਜੁਰਗ ਆਰਨੋਲਡ ਡੀ ਜੋਂਗ ਅਤੇ ਉਸਦੀ 76 ਸਾਲਾ ਪਤਨੀ ਜੋਐਨ ਦੀ ਮੌਤ ਦੇ ਸਬੰਧ ‘ਚ ਪਹਿਲੀ ਡਿਗਰੀ ਕਤਲ ਦੇ ਦੋ ਦੋਸ਼ ਹਨ। ਇਨ੍ਹਾਂ ਪੰਜਾਬੀ ਮੂਲ ਦੇ ਨੌਜਵਾਨਾਂ ਨੂੰ ਗ੍ਰਿਫਤਾਰ ਅਤੇ ਚਾਰਜ ਕੀਤਾ ਗਿਆ ਹੈ। ਇੰਟੈਗਰੇਟਿਡ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ ਨੇ ਇਨ੍ਹਾਂ ਗ੍ਰਿਫ਼ਤਾਰੀਆਂ ਅਤੇ ਚਾਰਜਜ਼ ਦਾ ਐਲਾਨ ਕੀਤਾ ਹੈ। ਦੱਸਣਯੋਗ ਹੈ ਕਿ 9 ਮਈ ਨੂੰ 77 ਸਾਲਾ ਆਰਨੌਲਡ ਡੀ ਜੌਂਗ ਅਤੇ ਉਨ੍ਹਾਂ ਦੀ 76 ਸਾਲਾ ਪਤਨੀ ਜੋਐਨ ਡੀ ਜੌਂਗ ਦੇ ਮ੍ਰਿਤ ਸਰੀਰ ਉਨ੍ਹਾਂ ਦੇ ਘਰ ‘ਚ ਮਿਲੇ ਸਨ। ਬਜ਼ੁਰਗ ਜੋੜੇ ਬਾਰੇ ਦੱਸਿਆ ਗਿਆ ਸੀ ਕਿ ਉਹ ਇਕ ਲੋਕਲ ਟਰੱਕਿੰਗ ਕੰਪਨੀ ਦੇ ਫਾਊਂਡਰ ਸਨ। ਉਧਰ ਸਰੀ ‘ਚ ਸੱਤ ਦਸੰਬਰ ਨੂੰ ਘਰ ਅੰਦਰ ਚਾਕੂ ਦੇ ਕਈ ਵਾਰ ਕਰਕੇ ਕਤਲ ਕੀਤੀ 40 ਸਾਲਾ ਹਰਪ੍ਰੀਤ ਕੌਰ ਦੇ ਮਾਮਲੇ ‘ਚ ਪੁਲੀਸ ਨੇ ਮ੍ਰਿਤਕਾ ਦੇ ਪਤੀ ਨਵਿੰਦਰ ਗਿੱਲ (40) ਨੂੰ ਹਿਰਾਸਤ ‘ਚ ਲਿਆ ਹੈ। ਨਵਿੰਦਰ ਗਿੱਲ ਦੇ ਸੈਕੰਡ ਡਿਗਰੀ ਕਤਲ ਦੇ ਚਾਰਜ ਲਾਏ ਗਏ ਹਨ।