ਬਜ਼ੁਰਗ ਹੋ ਚੱਕੇ ਕਾਂਗਰਸ ਦੇ ਆਗੂ ਗੁਲਾਮ ਨਬੀ ਆਜ਼ਾਦ ਨੇ ਸ਼ੁੱਕਰਵਾਰ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਸਮੇਤ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦੇ ਦਿੱਤਾ। ਪਹਿਲਾਂ ਤੋਂ ਹੀ ਸੰਕਟ ‘ਚ ਘਿਰੀ ਕਾਂਗਰਸ ਨੂੰ ਆਜ਼ਾਦ ਦੇ ਅਸਤੀਫ਼ੇ ਨਾਲ ਝਟਕਾ ਲੱਗਾ ਹੈ। ਉਂਝ ਉਨ੍ਹਾਂ ਦੇ ਅਜਿਹਾ ਕਦਮ ਚੁੱਕੇ ਜਾਣ ਦੇ ਪਹਿਲਾਂ ਤੋਂ ਹੀ ਕਿਆਫੇ ਲਾਏ ਜਾ ਰਹੇ ਸਨ। ਉਨ੍ਹਾਂ ਤੋਂ ਪਹਿਲਾਂ ਵੀ ਕਈ ਆਗੂ ਪਾਰਟੀ ਛੱਡ ਚੁੱਕੇ ਹਨ। ਆਜ਼ਾਦ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੂੰ ਪੰਜ ਪੰਨਿਆਂ ਦੇ ਅਸਤੀਫ਼ਾ ਪੱਤਰ ‘ਚ ਕਿਹਾ ਕਿ ਉਹ ਭਾਰੀ ਮਨ ਨਾਲ ਇਹ ਕਦਮ ਚੁੱਕ ਰਹੇ ਹਨ। ਪਾਰਟੀ ‘ਚ ਤਬਦੀਲੀ ਦੀ ਮੰਗ ਕਰਨ ਵਾਲੇ ਜੀ-23 ਸਮੂਹ ‘ਚ ਸ਼ਾਮਲ ਆਜ਼ਾਦ ਨੇ ਕਿਹਾ ਕਿ ਆਲ ਇੰਡੀਆ ਕਾਂਗਰਸ ਕਮੇਟੀ ਨੂੰ ਚਲਾ ਰਹੇ ਕੁਝ ਲੋਕਾਂ ਦੁਆਰਾ ਨਿਯੰਤਰਿਤ ਕਾਂਗਰਸ ਨੇ ਭਾਰਤ ਲਈ ਹਿੱਤਕਾਰੀ ਮੁੱਦਿਆਂ ਖ਼ਾਤਿਰ ਲੜਨ ਦੀ ਇੱਛਾ ਸ਼ਕਤੀ ਅਤੇ ਸਮਰੱਥਾ ਗੁਆ ਦਿੱਤੀ ਹੈ। ਉਨ੍ਹਾਂ ਪੱਤਰ ‘ਚ ਕਿਹਾ ਕਿ ਪਾਰਟੀ ਲੀਡਰਸ਼ਿਪ ਨੂੰ ‘ਭਾਰਤ ਜੋੜੋ ਯਾਤਰਾ’ ਤੋਂ ਪਹਿਲਾਂ ‘ਕਾਂਗਰਸ ਜੋੜੋ ਯਾਤਰਾ’ ਕੱਢਣੀ ਚਾਹੀਦੀ ਸੀ। ਆਜ਼ਾਦ ਨੇ ਕਿਹਾ ਕਿ ਪਾਰਟੀ ਦੀਆਂ ਕਮਜ਼ੋਰੀਆਂ ਵੱਲ ਧਿਆਨ ਦਿਵਾਉਣ ਲਈ ਚਿੱਠੀ ਲਿਖਣ ਵਾਲੇ 23 ਨੇਤਾਵਾਂ ਨੂੰ ਅਪਸ਼ਬਦ ਕਹੇ ਗਏ, ਉਨ੍ਹਾਂ ਨੂੰ ਅਪਮਾਨਤ ਕੀਤਾ ਗਿਆ। ਕਾਂਗਰਸ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰਦਿਆਂ ਉਨ੍ਹਾਂ ਕਿਹਾ ਕਿ ਪਾਰਟੀ ‘ਚ ਕਿਸੇ ਵੀ ਪੱਧਰ ‘ਤੇ ਚੋਣਾਂ ਨਹੀਂ ਕਰਵਾਈਆਂ ਗਈਆਂ। ਆਜ਼ਾਦ ਨੇ ਕਿਹਾ ਕਿ ਕਾਂਗਰਸ ਦੀ ਸਥਿਤੀ ਹੁਣ ਅਜਿਹੀ ਸਥਿਤੀ ‘ਤੇ ਪਹੁੰਚ ਗਈ ਹੈ ਜਿੱਥੋਂ ਵਾਪਸ ਨਹੀਂ ਆਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਪਾਰਟੀ ਅੰਦਰ ਲੀਡਰਸ਼ਿਪ ਲਈ ਅਸਿੱਧੇ ਤੌਰ ‘ਤੇ ਆਪਣੇ ਪ੍ਰਤੀਨਿਧੀਆਂ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਭਾਵੇਂ ਉਨ੍ਹਾਂ ਆਪਣੇ ਭਵਿੱਖ ਬਾਰੇ ਪੱਤੇ ਨਹੀਂ ਖੋਲ੍ਹੇ ਪਰ ਉਨ੍ਹਾਂ ਦੇ ਭਾਜਪਾ ‘ਚ ਜਾਣ ਦੀ ਸੰਭਾਵਨਾ ਹੈ। ਆਜ਼ਾਦ ਦੇ ਅਸਤੀਫ਼ੇ ਮਗਰੋਂ ਕਾਂਗਰਸ ਪਾਰਟੀ ਨੇ ਪ੍ਰਤੀਕਰਮ ਦਿੱਤਾ ਕਿ ਜਦੋਂ ਕਾਂਗਰਸ ‘ਚ ਸੰਘਰਸ਼ ਦਾ ਸਮਾਂ ਆਇਆ ਤਾਂ ਗੁਲਾਮ ਨਬੀ ਆਜ਼ਾਦ ਪਿੱਠ ਦਿਖਾ ਗਏ। ਯਾਦ ਰਹੇ ਕਿ ਆਜ਼ਾਦ ਮੁੱਖ ਮੰਤਰੀ ਤੋਂ ਲੈ ਕੇ ਕੇਂਦਰ ਸਰਕਾਰ ‘ਚ ਮੰਤਰੀ, ਰਾਜ ਸਭਾ ਮੈਂਬਰ ਸਮੇਤ ਹੋਰ ਅਹਿਮ ਅਹੁਦਿਆਂ ‘ਤੇ ਰਹੇ।