ਬਿਹਾਰ ਦੇ ਬੇਗੂਸਰਾਏ ‘ਚ ਮੁੱਖ ਮੰਤਰੀ ਨਾਬਾਰਡ ਯੋਜਨਾ ਵੱਲੋਂ ਬੁੱਢੀ ਗੰਡਕ ਨਦੀ ‘ਤੇ ਬਣਾਏ ਗਏ ਪੁਲ ਦਾ ਵਿਚਕਾਰਲਾ ਹਿੱਸਾ ਟੁੱਟ ਕੇ ਗੰਡਕ ਨਦੀ ‘ਚ ਜਾ ਡਿੱਗਾ। ਆਕ੍ਰਿਤੀ ਟੋਲਾ ਚੌਂਕੀ ਤੋਂ ਬਿਸ਼ਨਪੁਰ ਵਿਚਕਾਰ ਕਰੀਬ 206 ਮੀਟਰ ਲੰਬਾ ਇਹ ਪੁਲ 13.5 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਗਿਆ ਸੀ। ਕਾਫੀ ਸਮੇਂ ਤੋਂ ਹੀ ਇਹ ਪੁਲ ਉਦਘਾਟਨ ਦੀ ਉਡੀਕ ਕਰ ਰਿਹਾ ਸੀ ਪਰ ਉਦਘਾਟਨ ਤੋਂ ਪਹਿਲਾਂ ਹੀ ਇਸ ‘ਚ ਤਰੇੜਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ। ਹੁਣ ਵਿਚਕਾਰਲਾ ਹਿੱਸਾ ਪੂਰੀ ਤਰ੍ਹਾਂ ਟੁੱਟ ਕੇ ਦਰਿਆ ‘ਚ ਡਿੱਗ ਪਿਆ ਹੈ। ਇਸ ਪੁਲ ਦੀ ਉਸਾਰੀ ਦਾ ਕੰਮ ਫਰਵਰੀ 2016 ‘ਚ ਸ਼ੁਰੂ ਹੋਇਆ ਸੀ ਤੇ ਅਗਸਤ 2017 ‘ਚ ਪੂਰਾ ਹੋਇਆ ਸੀ। ਇਸ ਸਬੰਧੀ ਉਥੇ ਇਕ ਬੋਰਡ ਵੀ ਲੱਗਾ ਹੋਇਆ ਹੈ। ਫਿਲਹਾਲ ਵਿਭਾਗੀ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ ਕਿ ਸਾਰਾ ਮਾਮਲਾ ਕੀ ਹੈ। ਸਥਾਨਕ ਲੋਕਾਂ ਨੇ ਕਿਹਾ ਕਿ ਅਜੇ ਤੱਕ ਇਸ ਪੁਲ ‘ਤੇ ਭਾਰੀ ਵਾਹਨਾਂ ਦੀ ਆਵਾਜਾਈ ਸ਼ੁਰੂ ਨਹੀਂ ਹੋਈ ਸੀ। ਜੇ ਹੋਈ ਹੁੰਦੀ ਤਾਂ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ। ਦੱਸਣਯੋਗ ਹੈ ਕਿ ਅਕਤੂਬਰ ਮਹੀਨੇ ਗੁਜਰਾਤ ਦੇ ਮੋਰਬੀ ਦੀ ਮੱਛੂ ਨਦੀ ‘ਚ ਇਕ ਪੁਲ ਡਿੱਗਣ ਨਾਲ ਕੁੱਲ 134 ਲੋਕਾਂ ਦੀ ਜਾਨ ਚਲੀ ਗਈ ਸੀ।