ਬਿਹਾਰ ‘ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 65 ਮੌਤਾਂ ਹੋ ਗਈਆਂ ਹਨ। ਇਸ ਤੋਂ ਪਹਿਲਾਂ ਵੀ ਕਈ ਵਾਰ ਜ਼ਹਿਰਲੀ ਸ਼ਰਾਬ ਨਾਲ ਇਸ ਸੂਬੇ ‘ਚ ਦਰਜਨਾਂ ਲੋਕ ਜਾਨ ਗੁਆ ਚੁੱਕੇ ਹਨ। ਤਾਜ਼ਾ ਛਪਰਾ ਸ਼ਰਾਬ ਕਾਂਡ ਹੁਣ ਸੁਪਰੀਮ ਕੋਰਟ ਪਹੁੰਚ ਗਿਆ ਹੈ। ਜ਼ਹਿਰੀਲੀ ਸ਼ਰਾਬ ਨਾਲ ਹੁਣ ਤੱਕ 65 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਇਹ ਅੰਕੜਾ ਲਗਾਤਾਰ ਵਧ ਰਿਹਾ ਹੈ। ਜ਼ਹਿਰੀਲੀ ਸ਼ਰਾਬ ਦੇ ਦੁਖਾਂਤ ਨੂੰ ਲੈ ਕੇ ਕੌਮੀ ਮਨੁੱਖੀ ਅਧਿਕਾਰ ਕਮਿਸ਼ਨ ਨੇ ਬਿਹਾਰ ਸਰਕਾਰ ਅਤੇ ਸੂਬੇ ਦੇ ਡੀ.ਜੀ.ਪੀ. ਨੂੰ ਨੋਟਿਸ ਜਾਰੀ ਕੀਤਾ ਹੈ। ਕਮਿਸ਼ਨ ਨੇ ਕਿਹਾ ਕਿ ਬਿਹਾਰ ‘ਚ ਅਪ੍ਰੈਲ 2016 ਤੋਂ ਸ਼ਰਾਬ ਦੀ ਵਿਕਰੀ ਅਤੇ ਸੇਵਨ ‘ਤੇ ਪੂਰਨ ਪਾਬੰਦੀ ਹੈ, ਹਾਲਾਂਕਿ ਇਸ ਨੂੰ ਸਹੀ ਢੰਗ ਨਾਲ ਲਾਗੂ ਨਹੀਂ ਕੀਤਾ ਗਿਆ। ਓਧਰ ਛਪਰਾ ਸ਼ਰਾਬ ਕਾਂਡ ਨੂੰ ਲੈ ਕੇ ਸੁਪਰੀਮ ਕੋਰਟ ਦੇ ਵਕੀਲ ਨੇ ਇਹ ਮਾਮਲਾ ਚੀਫ਼ ਜਸਟਿਸ ਦੇ ਸਾਹਮਣੇ ਰੱਖਿਆ ਹੈ। ਇਸ ਪਟੀਸ਼ਨ ‘ਤੇ ਅਦਾਲਤ ਤੋਂ ਛੇਤੀ ਸੁਣਵਾਈ ਦੀ ਮੰਗ ਕੀਤੀ ਗਈ ਹੈ। ਇਸ ਪਟੀਸ਼ਨ ‘ਤੇ ਸੁਤੰਤਰ ਐੱਸ.ਆਈ.ਟੀ. ਤੋਂ ਜਾਂਚ ਦੀ ਮੰਗ ਅਤੇ ਪੀੜਤ ਪਰਿਵਾਰ ਲਈ ਉਚਿਤ ਮੁਆਵਜ਼ੇ ਦੀ ਮੰਗ ਕੀਤੀ ਗਈ ਹੈ ਪਰ ਸੁਪਰੀਮ ਕੋਰਟ ਨੇ ਇਸ ਪਟੀਸ਼ਨ ‘ਤੇ ਜਲਦ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਹੈ। ਚੀਫ਼ ਜਸਟਿਸ ਨੇ ਕਿਹਾ ਕਿ ਇਹ ਮਾਮਲਾ ਸਰਦੀਆਂ ਦੀਆਂ ਛੁੱਟੀਆਂ ਤੋਂ ਬਾਅਦ ਅਦਾਲਤ ਦੇ ਸਾਹਮਣੇ ਰੱਖਿਆ ਜਾਵੇ। ਓਧਰ ਸੀਵਾਨ ‘ਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਥਾਣੇ ਦੇ ਚੌਕੀਦਾਰ ਸਮੇਤ 5 ਲੋਕਾਂ ਦੀ ਮੌਤ ਹੋ ਗਈ ਅਤੇ ਬੇਗੂਸਰਾਏ ‘ਚ ਇਕ ਦੀ ਮੌਤ ਹੋਣ ਦੀ ਸੂਚਨਾ ਮਿਲੀ ਹੈ। ਮ੍ਰਿਤਕਾਂ ਦੀ ਪਛਾਣ ਮਹੇਸ਼ ਰਾਏ, ਅਮੀਰ ਮਾਂਝੀ, ਸ਼ੰਭੂ ਯਾਦਵ, ਰਾਜੇਂਦਰ ਪੰਡਿਤ ਅਤੇ ਚੌਕੀਦਾਰ ਅਵਧ ਮਾਂਝੀ ਵਜੋਂ ਹੋਈ ਹੈ। ਉਥੇ ਹੀ ਬੇਗੂਸਰਾਏ ‘ਚ ਤੇਘੜਾ ਥਾਣੇ ਅਧੀਨ ਆਉਂਦੇ ਪੁਰਾਣਾ ਬਾਜ਼ਾਰ’ਚ ਸ਼ਰਾਬ ਪੀ ਕੇ ਮਰਨ ਵਾਲੇ ਵਿਅਕਤੀ ਦੀ ਪਛਾਣ ਘਨਸ਼ਿਆਮ ਪੋਦਾਰ ਪੁੱਤਰ ਚੰਦਰ ਕੁਮਾਰ ਪੋਦਾਰ ਵਜੋਂ ਹੋਈ ਹੈ।