ਭਾਰਤੀ ਜਨਤਾ ਪਾਰਟੀ ਨਾਲੋਂ ਤੋੜ-ਵਿਛੋੜੇ ਮਗਰੋਂ ਆਰ.ਜੇ.ਡੀ. ਨਾਲ ਗੱਠਜੋੜ ਕਰਕੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵਿਧਾਨ ਸਭਾ ‘ਚ ਬਹੁਮਤ ਸਾਬਤ ਕਰਨ ‘ਚ ਸਫਲ ਰਹੇ। ਇਸ ਸਮੇਂ ਉਨ੍ਹਾਂ ਰੱਜ ਕੇ ਕੇਂਦਰ ਦੀ ਮੋਦੀ ਹਕੂਮਤ ਨੂੰ ਭੰਡਿਆ ਅਤੇ ਉਨ੍ਹਾਂ ਦੀ ਬੋਲ-ਬਾਣੀ ਦਰਸਾ ਰਹੀ ਸੀ ਕਿ ਉਹ 2024 ਦੀਆਂ ਚੋਣਾਂ ‘ਚ ਵਿਰੋਧੀ ਧਿਰ ਦਾ ਪ੍ਰਮੁੱਖ ਚਿਹਰਾ ਬਣ ਕੇ ਉੱਭਰ ਸਕਦੇ ਹਨ। ਭਾਜਪਾ ਨਾਲ ਗੱਠਜੋੜ ਕਰਕੇ ਬਣਾਈ ਬਿਹਾਰ ਸਰਕਾਰ ਭੰਗ ਹੋਣ ਤੋਂ ਬਾਅਦ ਭਾਵੇਂ ਬਿਹਾਰ ਨੂੰ ਨਵੀਂ ਸਰਕਾਰ ਮਿਲ ਗਈ ਪਰ ਸੀ.ਬੀ.ਆਈ. ਵੱਲੋਂ ਬਿਹਾਰ ‘ਚ ਆਰ.ਜੇ.ਡੀ. ਆਗੂਆਂ ਦੇ ਟਿਕਾਣਿਆਂ ‘ਤੇ ਛਾਪੇ ਮਾਰੇ ਗਏ। ਇਨ੍ਹਾਂ ਛਾਪਿਆਂ ਦੇ ਕੁਝ ਘੰਟਿਆਂ ਮਗਰੋਂ ਬਿਹਾਰ ‘ਚ ਨਵੀਂ ਬਣੀ ਮਹਾਗਠਬੰਧਨ ਸਰਕਾਰ ਨੇ ਆਸਾਨੀ ਨਾਲ ਭਰੋਸੇ ਦਾ ਵੋਟ ਹਾਸਲ ਕਰ ਲਿਆ। ਉਧਰ ਭਾਜਪਾ ਵਿਧਾਇਕਾਂ ਨੇ ਸਦਨ ‘ਚੋਂ ਵਾਕਆਊਟ ਕੀਤਾ। ਡਿਪਟੀ ਸਪੀਕਰ ਮਹੇਸ਼ਵਰ ਹਜ਼ਾਰੀ ਨੇ ਸੰਸਦੀ ਮਾਮਲਿਆਂ ਬਾਰੇ ਮੰਤਰੀ ਵਿਜੈ ਕੁਮਾਰ ਚੌਧਰੀ ਦੀ ਅਪੀਲ ‘ਤੇ ਵਿਧਾਇਕਾਂ ਦੀ ਗਿਣਤੀ ਕਰਵਾਉਣ ਦੇ ਹੁਕਮ ਦਿੱਤੇ ਜਿਨ੍ਹਾਂ ਕਿਹਾ ਕਿ ਜ਼ੁਬਾਨੀ ਵੋਟਾਂ ‘ਚ ਸਪੱਸ਼ਟ ਤੌਰ ‘ਤੇ ਬਹੁਮਤ ਮਿਲ ਗਿਆ ਹੈ ਪਰ ਵਿਧਾਇਕਾਂ ਦੀ ਗਿਣਤੀ ਨਾਲ ਕੋਈ ਦੁਚਿੱਤੀ ਨਹੀਂ ਰਹੇਗੀ। ਭਰੋਸੇ ਦੇ ਮਤੇ ਦੇ ਪੱਖ ‘ਚ 160 ਵਿਧਾਇਕਾਂ ਨੇ ਵੋਟ ਪਾਈ ਜਦਕਿ ਵਿਰੋਧ ‘ਚ ਇਕ ਵੀ ਵੋਟ ਨਹੀਂ ਪਿਆ। ਮੁੱਖ ਮੰਤਰੀ ਨਿਤੀਸ਼ ਕੁਮਾਰ ਜਦੋਂ ਭਾਸ਼ਣ ਦੇ ਰਹੇ ਸਨ ਤਾਂ ਭਾਜਪਾ ਵਿਧਾਇਕ ਸਦਨ ‘ਚੋਂ ਵਾਕਆਊਟ ਕਰ ਗਏ। ਡਿਪਟੀ ਸਪੀਕਰ ਨੇ ਦੱਸਿਆ ਕਿ ਨਵੇਂ ਸਪੀਕਰ ਦੀ ਚੋਣ ਸ਼ੁੱਕਰਵਾਰ ਨੂੰ ਹੋਵੇਗੀ। ਭਾਜਪਾ ਦੇ ਵਿਜੈ ਕੁਮਾਰ ਸਿਨਹਾ ਵੱਲੋਂ ਅਸਤੀਫ਼ਾ ਦਿੱਤੇ ਜਾਣ ਕਾਰਨ ਸਪੀਕਰ ਦਾ ਅਹੁਦਾ ਖਾਲੀ ਹੋਇਆ ਹੈ। ਆਪਣੇ ਅੱਧੇ ਘੰਟੇ ਦੇ ਭਾਸ਼ਨਣ ਦੌਰਾਨ ਨਿਤੀਸ਼ ਕੁਮਾਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾਮ ਲਏ ਬਿਨਾਂ ਭਾਜਪਾ ਨੂੰ ਲੰਮੇ ਹੱਥੀਂ ਲਿਆ। ਉਨ੍ਹਾਂ ਕਿਹਾ ਕਿ ਉਹ ਪ੍ਰਧਾਨ ਮੰਤਰੀ ਬਣਨ ਦੀ ਕੋਈ ਖ਼ਾਹਿਸ਼ ਨਹੀਂ ਰੱਖਦੇ ਹਨ ਪਰ ਉਹ ਚਾਹੁੰਦੇ ਹਨ ਕਿ 2024 ਦੀਆਂ ਲੋਕ ਸਭਾ ਚੋਣਾਂ ਲਈ ਗ਼ੈਰ-ਭਾਜਪਾਈ ਸਾਰੀਆਂ ਪਾਰਟੀਆਂ ਇਕਜੁੱਟ ਹੋਣ। ਜਨਤਾ ਦਲ (ਯੂ) ਆਗੂ ਨੇ ਭਾਜਪਾ ਨਾਲ ਆਪਣੇ ਪੁਰਾਣੇ ਸਬੰਧਾਂ ਨੂੰ ਚੇਤੇ ਕਰਦਿਆਂ ਅਟਲ ਬਿਹਾਰੀ ਵਾਜਪਾਈ, ਐੱਲ.ਕੇ. ਅਡਵਾਨੀ ਅਤੇ ਮੁਰਲੀ ਮਨੋਹਰ ਜੋਸ਼ੀ ਦੇ ਸਮੇਂ ਨੂੰ ਵਧੀਆ ਕਰਾਰ ਦਿੱਤਾ। ਪ੍ਰਧਾਨ ਮੰਤਰੀ ਦਾ ਨਾਮ ਲਏ ਬਿਨਾਂ ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਨੇ ਸਿਰਫ਼ ਪ੍ਰਚਾਰ ਪ੍ਰਸਾਰ ਤੋਂ ਇਲਾਵਾ ਹੋਰ ਕੁਝ ਨਹੀਂ ਕੀਤਾ। ਭਾਜਪਾ ਵਿਧਾਇਕਾਂ ਨੇ ਜਦੋਂ ਇਸ ਦਾ ਵਿਰੋਧ ਕੀਤਾ ਤਾਂ ਨਿਤੀਸ਼ ਨੇ ਕਿਹਾ, ‘ਤੁਸੀਂ ਮੇਰੇ ਖ਼ਿਲਾਫ਼ ਬੋਲੋ। ਹੋ ਸਕਦਾ ਹੈ ਕਿ ਤੁਹਾਨੂੰ ਇਸ ਨਾਲ ਆਪਣੇ ਸਿਆਸੀ ਆਗੂਆਂ ਤੋਂ ਕੁਝ ਇਨਾਮ ਮਿਲ ਜਾਵੇ।’ ਉਨ੍ਹਾਂ ਕਿਹਾ ਕਿ ਭਾਜਪਾ ਸਮਾਜ ‘ਚ ਮੁਸ਼ਕਲਾਂ ਖੜ੍ਹੀਆਂ ਕਰਦੀ ਹੈ ਅਤੇ ਵਿਰੋਧੀ ਧਿਰ ਦੇਸ਼ ਦੇ ਹਰ ਕੋਨੇ ‘ਚ ਪਹੁੰਚ ਕੇ ਲੋਕਾਂ ਤੇ ਸਮਾਜ ਨੂੰ ਸਰਕਾਰ ਦੀਆਂ ਗਲਤ ਨੀਤੀਆਂ ਤੋਂ ਜਾਣੂ ਕਰਵਾਏਗੀ।