ਬਿਹਾਰ ਦੇ ਹੁਕਮਰਾਨ ਗੱਠਜੋੜ ਜਨਤਾ ਦਲ (ਯੂ) ਅਤੇ ਭਾਜਪਾ ਦੇ ਸਬੰਧਾਂ ‘ਚ ਤਰੇੜ ਆ ਗਈ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਜਨਤਾ ਦਲ (ਯੂ) ਦੇ ਵਿਧਾਇਕਾਂ ਅਤੇ ਸੰਸਦ ਮੈਂਬਰਾਂ ਦੀ ਮੀਟਿੰਗ ਸੱਦੀ ਹੈ ਜਿਸ ‘ਚ ਪਾਰਟੀ ਦੇ ਸਾਬਕਾ ਕੌਮੀ ਪ੍ਰਧਾਨ ਆਰ.ਸੀ.ਪੀ. ਸਿੰਘ ਵੱਲੋਂ ਅਸਤੀਫ਼ੇ ਤੋਂ ਬਾਅਦ ਪੈਦਾ ਹੋਏ ਹਾਲਾਤ ਬਾਰੇ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਆਰ.ਜੇ.ਡੀ., ਕਾਂਗਰਸ ਅਤੇ ਖੱਬੇ ਪੱਖੀ ਧਿਰਾਂ ਨੇ ਸੰਕੇਤ ਦਿੱਤੇ ਹਨ ਕਿ ਜੇਕਰ ਨਿਤੀਸ਼ ਕੁਮਾਰ ਭਾਜਪਾ ਤੋਂ ਵੱਖ ਹੁੰਦੇ ਹਨ ਤਾਂ ਉਹ ਉਨ੍ਹਾਂ ਨੂੰ ਹਮਾਇਤ ਦੇਣ ਲਈ ਤਿਆਰ ਹਨ। ਜਨਤਾ ਦਲ (ਯੂ) ਦੇ ਤਰਜਮਾਨ ਕੇ.ਸੀ. ਤਿਆਗੀ ਨੇ ਕਿਹਾ ਕਿ ਨਿਤੀਸ਼ ਕੁਮਾਰ ਦਾ ਪਾਰਟੀ ‘ਚ ਪੂਰਾ ਆਧਾਰ ਹੈ ਅਤੇ ਪਾਰਟੀ ‘ਚ ਕਿਸੇ ਕਿਸਮ ਦੀ ਟੁੱਟ ਦਾ ਸਵਾਲ ਨਹੀਂ ਹੈ। ਉਨ੍ਹਾਂ ਕਿਹਾ ਕਿ ਨਿਤੀਸ਼ ਕੁਮਾਰ ਦੀ ਅਗਵਾਈ ਹੇਠ ਪਾਰਟੀ ਜੋ ਵੀ ਫ਼ੈਸਲਾ ਲਵੇਗੀ, ਉਹ ਸਾਰਿਆਂ ਨੂੰ ਮਨਜ਼ੂਰ ਹੋਵੇਗਾ। ਪਾਰਟੀ ਮੁਖੀ ਰਾਜੀਵ ਰੰਜਨ ਸਿੰਘ ਉਰਫ਼ ਲੱਲਨ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਿਤੀਸ਼ ਵੱਲੋਂ ਐੱਨ.ਡੀ.ਏ. ਤੋਂ ਬਾਹਰ ਆਉਣ ਦੀ ਯੋਜਨਾ ਬਾਰੇ ਲਾਏ ਜਾ ਰਹੇ ਕਿਆਸਿਆਂ ‘ਤੇ ਕੋਈ ਪ੍ਰਤੀਕਰਮ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਮੀਟਿੰਗ ‘ਚ ਆਰ.ਸੀ.ਪੀ. ਸਿੰਘ ਦੇ ਅਸਤੀਫ਼ੇ ਮਗਰੋਂ ਪੈਦਾ ਹੋਏ ਹਾਲਾਤ ਬਾਰੇ ਆਗੂਆਂ ਦੇ ਵਿਚਾਰ ਸੁਣੇ ਜਾਣਗੇ। ਲੱਲਨ ਸਿੰਘ ਨੇ ਨਿਤੀਸ਼ ਕੁਮਾਰ ਨੂੰ ਜਨਤਾ ਦਲ (ਯੂ) ਦਾ ‘ਮਾਲਿਕ’ ਕਰਾਰ ਦਿੰਦਿਆਂ ਕਿਹਾ ਸੀ ਕਿ ਬਿਹਾਰ ਦੇ ਮੁੱਖ ਮੰਤਰੀ ਪਾਰਟੀ ਆਗੂਆਂ ਅਤੇ ਵਰਕਰਾਂ ਨਾਲ ਵਿਚਾਰ ਵਟਾਂਦਰੇ ਮਗਰੋਂ ਹੀ ਸਾਰੇ ਫ਼ੈਸਲੇ ਲੈਂਦੇ ਹਨ। ਉਂਜ ਉਨ੍ਹਾਂ ਇਹ ਜ਼ਰੂਰ ਦਾਅਵਾ ਕੀਤਾ ਕਿ ਭਾਜਪਾ ਨੇ ਫ਼ੈਸਲਾ ਲੈ ਲਿਆ ਹੈ ਕਿ ਜਨਤਾ ਦਲ (ਯੂ) ‘ਚੋਂ ਕਿਸ ਨੂੰ ਮੰਤਰੀ ਬਣਾਇਆ ਜਾਵੇਗਾ। ਜਨਤਾ ਦਲ (ਯੂ) ਦੇ ਕੁਝ ਮੈਂਬਰਾਂ ਵੱਲੋਂ ਆਰ.ਸੀ.ਪੀ. ਸਿੰਘ ‘ਤੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਏ ਜਾਣ ਮਗਰੋਂ ਉਨ੍ਹਾਂ ਨੂੰ ਨੋਟਿਸ ਭੇਜਿਆ ਗਿਆ ਸੀ ਜਿਸ ‘ਤੇ ਉਨ੍ਹਾਂ ਪਾਰਟੀ ਤੋਂ ਦੋ ਦਿਨ ਪਹਿਲਾਂ ਅਸਤੀਫ਼ਾ ਦੇ ਦਿੱਤਾ ਸੀ। ਉਸ ਨੂੰ ਪਿਛਲੇ ਸਾਲ ਕੇਂਦਰੀ ਮੰਤਰੀ ਮੰਡਲ ‘ਚ ਸ਼ਾਮਲ ਕੀਤਾ ਗਿਆ ਸੀ। ਰਾਜ ਸਭਾ ਮੈਂਬਰੀ ਦੀ ਮਿਆਦ ਮੁੱਕਣ ਮਗਰੋਂ ਆਰ.ਸੀ.ਪੀ. ਸਿੰਘ ਨੂੰ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ। ਉਧਰ ਐੱਨ.ਡੀ.ਏ. ਦੇ ਭਾਈਵਾਲ ਹਿੰਦੁਸਤਾਨੀ ਅਵਾਮ ਮੋਰਚਾ ਦੇ ਮੁਖੀ ਅਤੇ ਸਾਬਕਾ ਮੁੱਖ ਮੰਤਰੀ ਜੀਤਨ ਰਾਮ ਮਾਂਝੀ ਨੇ ਦਾਅਵਾ ਕੀਤਾ ਕਿ ਹੁਕਮਰਾਨ ਗੱਠਜੋੜ ‘ਚ ਕੋਈ ਸੰਕਟ ਨਹੀਂ ਹੈ। ਇਸੇ ਦੌਰਾਨ ਨਿਤੀਜ਼ ਕੁਮਾਰ ਨੇ ਰਾਜਪਾਲ ਤੋਂ ਮਿਲਣ ਦਾ ਸਮਾਂ ਮੰਗਿਆ ਹੈ ਜਿਸ ਤੋਂ ਜਾਪਦਾ ਹੈ ਕਿ ਬਿਹਾਰ ‘ਚ ਵੱਡਾ ਸਿਆਸੀ ਫੇਰਬਦਲ ਹੋ ਸਕਦਾ ਹੈ। ਯਾਦ ਰਹੇ ਕਿ ਪਹਿਲਾਂ ਵੀ ਇਕ ਸਮੇਂ ਨਿਤੀਜ਼ ਕੁਮਾਰ ਲਾਲੂ ਯਾਦਵ ਦੀ ਪਾਰਟੀ ਨਾਲ ਮਿਲ ਕੇ ਗੱਠਜੋੜ ਸਰਕਾਰ ਬਣਾ ਚੁੱਕੇ ਹਨ ਪਰ ਬਾਅਦ ‘ਚ ਉਹ ਮੁੜ ਭਾਜਪਾ ਨਾਲ ਚਲੇ ਗਏ ਸਨ।