ਛੇ ਗੇਂਦਾਂ ‘ਤੇ ਛੇ ਛਿੱਕੇ ਮਾਰਨ ਦੀ ਗੱਲ ਹੁਣ ਪੁਰਾਣੀ ਹੋ ਗਈ ਹੈ ਤੇ ਕ੍ਰਿਕਟ ‘ਚ ਜੇ ਹੁਣ ਕੁਝ ਨਵਾਂ ਹੈ ਤਾਂ ਉਹ ਬਹਿਰੀਨ ਦੇ ਤੇਜ਼ ਗੇਂਦਬਾਜ਼ ਰਿਜ਼ਵਾਨ ਬੱਟ ਨੇ ਕਰ ਦਿਖਾਇਆ ਹੈ। ਮਲੇਸ਼ੀਆ ‘ਚ ਖੇਡੀ ਜਾ ਰਹੀ ਚਾਰ ਦੇਸ਼ਾਂ ਦੀ ਟੀ-20 ਸੀਰੀਜ਼ ‘ਚ ਰਿਜ਼ਵਾਨ ਬੱਟ ਨੇ ਸਿੰਗਾਪੁਰ ਦੇ ਖ਼ਿਲਾਫ਼ 16 ਦੌੜਾਂ ਦੇ ਕੇ 6 ਵਿਕਟਾਂ ਲਈਆਂ ਪਰ ਦਿਲਚਸਪ ਗੱਲ ਇਹ ਹੈ ਕਿ ਉਸ ਨੇ ਆਪਣੀਆਂ 5 ਵਿਕਟਾਂ 6 ਗੇਂਦਾਂ ‘ਚ ਹਾਸਲ ਕੀਤੀਆਂ। ਰਿਜ਼ਵਾਨ ਨੇ ਆਪਣੀਆਂ ਪਹਿਲੀਆਂ 14 ਗੇਂਦਾਂ ‘ਚ ਕੋਈ ਵਿਕਟ ਨਹੀਂ ਲਈ। ਪਰ ਇਸ ਤੋਂ ਬਾਅਦ ਉਸ ਨੇ ਅਗਲੀਆਂ 6 ਗੇਂਦਾਂ ‘ਤੇ 5 ਵਿਕਟਾਂ ਲਈਆਂ। ਰਿਜ਼ਵਾਨ ਨੇ 18ਵੇਂ ਓਵਰ ਦੀ ਤੀਜੀ ਅਤੇ ਚੌਥੀ ਗੇਂਦ ‘ਤੇ ਵਿਕਟ ਲਈ। ਹਾਲਾਂਕਿ ਉਹ ਹੈਟ੍ਰਿਕ ਤੋਂ ਖੁੰਝ ਗਿਆ। ਪੰਜਵੀਂ ਗੇਂਦ ‘ਤੇ ਉਸ ਨੂੰ ਕੋਈ ਵਿਕਟ ਨਹੀਂ ਮਿਲੀ। ਹਾਲਾਂਕਿ ਰਿਜ਼ਵਾਨ ਨੇ ਅਗਲੀਆਂ ਤਿੰਨ ਗੇਂਦਾਂ ‘ਤੇ ਵਿਕਟਾਂ ਲੈ ਕੇ ਆਪਣੀ ਹੈਟ੍ਰਿਕ ਪੂਰੀ ਕਰ ਲਈ। ਰਿਜ਼ਵਾਨ ਨੇ 18ਵੇਂ ਓਵਰ ਦੀ ਛੇਵੀਂ ਗੇਂਦ ‘ਤੇ ਵਿਕਟ ਲਈ ਅਤੇ ਫਿਰ 20ਵੇਂ ਓਵਰ ਦੀ ਗੇਂਦਬਾਜ਼ੀ ਕਰਨ ਆਏ ਰਿਜ਼ਵਾਨ ਨੇ ਪਹਿਲੀਆਂ ਦੋ ਗੇਂਦਾਂ ‘ਤੇ ਵਿਕਟਾਂ ਲੈ ਕੇ ਆਪਣੀ ਹੈਟ੍ਰਿਕ ਪੂਰੀ ਕਰ ਲਈ। ਰਿਜ਼ਵਾਨ ਬੱਟ ਦੀ ਜ਼ਬਰਦਸਤ ਗੇਂਦਬਾਜ਼ੀ ਕਾਰਨ ਸਿੰਗਾਪੁਰ ਦੀ ਟੀਮ 168 ਦੌੜਾਂ ‘ਤੇ ਆਲ ਆਊਟ ਹੋ ਗਈ ਅਤੇ ਇਸ ਤੋਂ ਬਾਅਦ ਬਹਿਰੀਨ ਨੇ 18ਵੇਂ ਓਵਰ ‘ਚ ਸਿਰਫ਼ 4 ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਮਲੇਸ਼ੀਆ ‘ਚ ਚੱਲ ਰਹੀ ਇਸ ਸੀਰੀਜ਼ ‘ਚ ਮੇਜ਼ਬਾਨ ਦੇਸ਼ 6 ਮੈਚਾਂ ‘ਚ 5 ਜਿੱਤਾਂ ਨਾਲ ਪਹਿਲੇ ਸਥਾਨ ‘ਤੇ ਹੈ। ਇਸ ਦੇ ਨਾਲ ਹੀ ਬਹਿਰੀਨ ਨੇ 5 ‘ਚੋਂ 3 ਮੈਚ ਜਿੱਤੇ ਹਨ ਅਤੇ ਦੂਜੇ ਨੰਬਰ ‘ਤੇ ਹੈ। ਸਿੰਗਾਪੁਰ ਦੀ ਟੀਮ ਸਾਰੇ 6 ਮੈਚ ਹਾਰ ਚੁੱਕੀ ਹੈ ਅਤੇ ਆਖਰੀ ਸਥਾਨ ‘ਤੇ ਹੈ। ਕਤਰ 5 ‘ਚੋਂ 2 ਮੈਚ ਜਿੱਤ ਕੇ ਤੀਜੇ ਨੰਬਰ ‘ਤੇ ਹੈ।