ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਦੇ ਨਾਲ-ਨਾਲ ਗ੍ਰਹਿ ਮੰਤਰੀ ਵੀ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਾਸੋਂ ਬਹਿਬਲ ਕਲਾਂ ਪੁਲੀਸ ਗੋਲੀ ਕਾਂਡ ‘ਚ ਅੱਜ ਚੰਡੀਗੜ੍ਹ ਵਿਖੇ ਪੁੱਛਗਿੱਛ ਕੀਤੀ ਗਈ। ਇਹ ਪੁੱਛਗਿੱਛ ਠੀਕ ਇਕ ਮਹੀਨੇ ਬਾਅਦ ਕੀਤੀ ਗਈ ਕਿਉਂਕਿ ਪਿਛਲੀ 13 ਸਤੰਬਰ ਨੂੰ ਵੀ ਸੁਖਬੀਰ ਤੋਂ ਵਿਸ਼ੇਸ਼ ਜਾਂਚ ਟੀਮ ਨੇ ਪੁੱਛਗਿੱਛ ਕੀਤੀ ਸੀ। ਵਿਸ਼ੇਸ਼ ਜਾਂਚ ਟੀਮ, ਜਿਸ ਦੀ ਅਗਵਾਈ ਇੰਸਪੈਕਟਰ ਜਨਰਲ ਨੌਨਿਹਾਲ ਸਿੰਘ ਕਰ ਰਹੇ ਹਨ, ਵੱਲੋਂ ਸੁਖਬੀਰ ਬਾਦਲ ਤੋਂ ਪੁੱਛਗਿੱਛ ਚੰਡੀਗੜ੍ਹ ਦੇ ਸੈਕਟਰ 32 ਸਥਿਤ ਪੁਲੀਸ ਆਫਿਸਰਜ਼ ਇੰਸਟੀਚਿਊਟ ‘ਚ ਕੀਤੀ ਗਈ। ਜ਼ਿਕਰਯੋਗ ਹੈ ਕਿ ਕੋਟਕਪੂਰਾ ਪੁਲੀਸ ਗੋਲੀਬਾਰੀ ਘਟਨਾ ਬਾਰੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਹਾਲੇ ਬੀਤੇ ਕੱਲ੍ਹ ਹੀ ਪੁੱਛ ਪੜਤਾਲ ਕੀਤੀ ਗਈ ਸੀ। ਭਲਕੇ ਗੋਲੀ ਕਾਂਡ ਦੀ ਵਰ੍ਹੇਗੰਢ ਹੈ ਅਤੇ ਤਿੰਨ ਸਰਕਾਰਾਂ ਬਦਲਣ ਦੇ ਬਾਵਜੂਦ ਇਨਸਾਫ਼ ਨਾ ਮਿਲਣ ਦੇ ਰੋਸ ‘ਚ ਵੱਡਾ ਇਕੱਠ ਹੋਣ ਜਾ ਰਿਹਾ ਹੈ। ਇਸ ਇਕੱਠ ਦੀ ਤਿਆਰੀ ਅੱਜ ਹੀ ਸ਼ੁਰੂ ਕਰ ਦਿੱਤੀ ਗਈ ਜਿਸ ‘ਚ ਵੱਡਾ ਐਲਾਨ ਹੋਣ ਦੀ ਸੰਭਾਵਨਾ ਹੈ। ਇਸੇ ਕਰਕੇ ਸਰਕਾਰ ‘ਤੇ ਧਰਮ ਨਾਲ ਜੁੜੇ ਇਸ ਮਾਮਲੇ ਕਰਕੇ ਭਾਰੀ ਦਬਾਅ ਹੈ। ਸਿੱਟੇ ਵਜੋਂ ਸਰਕਾਰ ਨੇ ਵਿਸ਼ੇਸ਼ ਜਾਂਚ ਟੀਮ ਪਾਸੋਂ ਜਾਂਚ ਤੇਜ਼ ਕਰਵਾ ਦਿੱਤੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਕੋਟਕਪੂਰਾ ਗੋਲੀ ਕਾਂਡ ਮਾਮਲੇ ‘ਚ ਪੇਸ਼ ਹੋਣ ਮਗਰੋਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਹ ਪੰਥ ਅਤੇ ਪੰਜਾਬ ਨਾਲ ਜੁੜਿਆ ਮਸਲਾ ਹੈ। ਇਸ ਮੁੱਦੇ ‘ਤੇ ਸਿਆਸਤ ਨਹੀਂ ਹੋਣੀ ਚਾਹੀਦੀ। ਸੁਖਬੀਰ ਨੇ ਕਿਹਾ ਕਿ ਉਹ ਪਹਿਲਾਂ ਵੀ ਜਾਂਚ ਟੀਮ ਨੂੰ ਸਹਿਯੋਗ ਦਿੰਦੇ ਰਹੇ ਹਨ ਅਤੇ ਅੱਗੇ ਤੋਂ ਵੀ ਸਹਿਯੋਗ ਦੇਣ ਲਈ ਵਚਨਬੱਧ ਹਨ। ਸੁਖਬੀਰ ਬਾਦਲ ਨੇ ਕਿਹਾ ਕਿ ਜਾਂਚ ਟੀਮ ਨੇ ਜੋ ਜਾਣਕਾਰੀ ਉਨ੍ਹਾਂ ਕੋਲੋਂ ਮੰਗੀ ਸੀ, ਉਹ ਪੂਰੀ ਤਰ੍ਹਾਂ ਟੀਮ ਨੂੰ ਮੁਹੱਈਆ ਕਰਵਾ ਕੇ ਆਏ ਹਨ। ਸੁਖਬੀਰ ਨੇ ਕਿਹਾ ਕਿ ਜੇਕਰ ਜਾਂਚ ਟੀਮ ਨੂੰ ਫਿਰ ਲੋੜ ਪਈ ਤਾਂ ਉਹ ਮੁੜ ਹਾਜ਼ਰ ਹੋ ਜਾਣਗੇ। ਉਨ੍ਹਾਂ ਕਿਹਾ ਕਿ ਮੇਰੀ ਇੱਕੋ ਬੇਨਤੀ ਹੈ ਕਿ ਇਸ ਮਸਲੇ ਨੂੰ ਲਟਕਾਇਆ ਨਾ ਜਾਵੇ ਅਤੇ ਛੇਤੀ ਤੋਂ ਛੇਤੀ ਇਨਸਾਫ਼ ਕੀਤਾ ਜਾਵੇ।