ਫਰੀਦਕੋਟ ਵਧੀਕ ਸੈਸ਼ਨ ਜੱਜ ਰਾਜੀਵ ਕਾਲਡ਼ਾ ਦੀ ਅਦਾਲਤ ’ਚ ਬਹਿਬਲ ਗੋਲੀ ਕਾਂਡ ’ਚ ਮੁਲਜ਼ਮਾਂ ਖ਼ਿਲਾਫ਼ ਦੋਸ਼ ਆਇਦ ਹੋਣ ਸਬੰਧੀ ਸੁਣਵਾਈ ਹੋਣੀ ਸੀ ਪਰ ਕੋਟਕਪੂਰਾ ਗੋਲੀ ਕਾਂਡ ਦੀ ਪਡ਼ਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਵੱਲੋਂ ਅਦਾਲਤ ’ਚ ਚਲਾਨ ਪੇਸ਼ ਨਾ ਕਰਨ ਕਰਕੇ ਬਹਿਬਲ ਗੋਲੀ ਕਾਂਡ ਦੀ ਵੀ ਸੁਣਵਾਈ ਨਹੀਂ ਹੋ ਸਕੀ। ਦੱਸਣਯੋਗ ਹੈ ਕਿ 6 ਜੁਲਾਈ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਫ਼ਰੀਦਕੋਟ ਦੀ ਅਦਾਲਤ ਨੂੰ ਆਦੇਸ਼ ਦਿੱਤੇ ਸਨ ਕਿ ਬਹਿਬਲ ਤੇ ਕੋਟਕਪੂਰਾ ਗੋਲੀ ਕਾਂਡ ਦੀ ਸੁਣਵਾਈ ਇਕੱਠਿਆਂ ਕੀਤੀ ਜਾਵੇ। ਏ.ਡੀ.ਜੀ.ਪੀ. ਐੱਲ.ਕੇ. ਯਾਦਵ ਦੀ ਅਗਵਾਈ ’ਚ ਕੋਟਕਪੂਰਾ ਗੋਲੀ ਕਾਂਡ ਦੀ ਪਡ਼ਤਾਲ ਹੋ ਰਹੀ ਹੈ ਪਰ ਇਸ ਟੀਮ ਨੇ ਅਜੇ ਤੱਕ ਅਦਾਲਤ ’ਚ ਚਲਾਨ ਪੇਸ਼ ਨਹੀਂ ਕੀਤਾ। ਫ਼ਰੀਦਕੋਟ ਦੀ ਅਦਾਲਤ ਨੇ ਇਹ ਸਾਰੀ ਪ੍ਰਕਿਰਿਆ 20 ਅਗਸਤ ਤੋਂ ਪਹਿਲਾਂ ਮੁਕੰਮਲ ਕਰਨ ਦੇ ਆਦੇਸ਼ ਦਿੱਤੇ ਹਨ। ਸੁਣਵਾਈ ਦੌਰਾਨ ਸਾਬਕਾ ਡੀ.ਜੀ.ਪੀ. ਸੁਮੇਧ ਸੈਣੀ ਤੋਂ ਇਲਾਵਾ ਬਾਕੀ ਸਾਰੇ ਮੁਲਜ਼ਮ ਅਦਾਲਤ ’ਚ ਹਾਜ਼ਰ ਸਨ। ਸੁਮੇਧ ਸੈਣੀ ਨੇ ਸਿਹਤ ਖਰਾਬ ਹੋਣ ਦਾ ਹਵਾਲਾ ਦਿੰਦਿਆਂ ਨਿੱਜੀ ਤੌਰ ’ਤੇ ਪੇਸ਼ ਹੋਣ ਤੋਂ ਛੋਟ ਲਈ ਅਦਾਲਤ ’ਚ ਅਰਜ਼ੀ ਦਿੱਤੀ ਸੀ ਜਿਸ ਨੂੰ ਅਦਾਲਤ ਨੇ ਮਨਜ਼ੂਰ ਕਰ ਲਿਆ ਹੈ। ਦੂਜੇ ਪਾਸੇ ਪੰਜਾਬ ਦੇ ਐਡਵੋਕੇਟ ਜਰਨਲ ਅਨਮੋਲ ਰਤਨ ਸਿੱਧੂ ਨੇ ਕਿਹਾ ਕਿ ਉਨ੍ਹਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ’ਚ ਅਰਜ਼ੀ ਪਾ ਕੇ ਅਦਾਲਤ ਤੋਂ ਪੁੱਛਿਆ ਹੈ ਕਿ ਬਹਿਬਲ ਅਤੇ ਕੋਟਕਪੂਰਾ ਗੋਲੀ ਕਾਂਡ ਦੀ ਸੁਣਵਾਈ ਇਕੱਠਿਆਂ ਹੀ ਕੀਤੀ ਜਾਣੀ ਹੈ ਜਾਂ ਅਦਾਲਤ ਇਸ ਨੂੰ ਵੱਖ ਵੱਖ ਤਰੀਕਾਂ ’ਤੇ ਵੀ ਸੁਣ ਸਕਦੀ ਹੈ। ਉਨ੍ਹਾਂ ਕਿਹਾ ਕਿ ਬਹਿਬਲ ਗੋਲੀ ਕਾਂਡ ’ਚ ਪਹਿਲਾਂ ਹੀ 9 ਚਲਾਨ ਸੁਣਵਾਈ ਲਈ ਅਦਾਲਤ ’ਚ ਪੇਸ਼ ਹੋ ਚੁੱਕੇ ਹਨ ਜਦਕਿ ਕੋਟਕਪੂਰਾ ਗੋਲੀ ਕਾਂਡ ’ਚ ਚਲਾਨ ਅਜੇ ਤੱਕ ਇਲਾਕਾ ਮੈਜਿਸਟਰੇਟ ਦੀ ਅਦਾਲਤ ’ਚ ਵੀ ਪੇਸ਼ ਨਹੀਂ ਹੋਇਆ। ਉਨ੍ਹਾਂ ਕਿਹਾ ਕਿ ਅਗਲੇ ਇਕ ਹਫ਼ਤੇ ਅੰਦਰ ਅਦਾਲਤ ਫ਼ੈਸਲੇ ਤੇ ਹਦਾਇਤਾਂ ਬਾਰੇ ਸਪੱਸ਼ਟ ਕਰ ਦੇਵੇਗੀ ਅਤੇ ਉਸ ਤੋਂ ਬਾਅਦ ਪਡ਼ਤਾਲ ਟੀਮਾਂ ਆਪਣਾ ਕੰਮ ਮੁਕੰਮਲ ਕਰ ਲੈਣਗੀਆਂ।