ਬਹਿਬਲ ਕਲਾਂ ਮੋਰਚਾ ਲੱਗੇ ਨੂੰ ਕਈ ਮਹੀਨੇ ਬੀਤ ਚੁੱਕੇ ਹਨ ਪਰ ਨਵੀਂ ਬਣੀ ਆਮ ਆਦਮੀ ਪਾਰਟੀ ਸਰਕਾਰ ਹਾਲੇ ਤੱਕ ਇਸ ਦਿਸ਼ਾ ’ਚ ਕਾਰਵਾਈ ਕਰਕੇ ਇਨਸਾਫ਼ ਦੇਣ ’ਚ ਨਾਕਾਮ ਰਹੀ ਹੈ। ਹੁਣ ਧਰਨੇ ’ਚ ਪੁੱਜੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਛੇ ਮਹੀਨੇ ਦਾ ਹੋਰ ਸਮਾਂ ਮੰਗਿਆਂ ਤਾਂ ਪੀਡ਼ਤ ਪਰਿਵਾਰ ਤੇ ਹੋਰ ਧਰਨਾਕਾਰੀ ਗੁੱਸੇ ਹੋ ਗਏ। ਯਾਦ ਰਹੇ ਕਿ ‘ਆਪ’ ਸਰਕਾਰ ਬਣਨ ਤੋਂ ਕੁਝ ਸਮੇਂ ਬਾਅਦ ਹੀ ਇਨਸਾਫ਼ ਮੋਰਚੇ ਵੱਲੋਂ ਨੈਸ਼ਨਲ ਹਾਈਵੇ ਜਾਮ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਸਰਕਾਰ ਨੇ ਫਰੰਟ ਤੋਂ 3 ਮਹੀਨੇ ਦਾ ਸਮਾਂ ਮੰਗਿਆ ਸੀ। ਤਿੰਨ ਮਹੀਨੇ ਦਾ ਸਮਾਂ ਬੀਤਣ ’ਤੇ ਵੀ ਹੋਰ ਦਿਨ ਲਏ ਗਏ ਸਨ, ਇਹ ਸਮਾਂ ਪਿਛਲੇ ਸ਼ਨੀਵਾਰ ਨੂੰ ਵੀ ਪੂਰਾ ਹੋ ਗਿਆ। ਹੁਣ ਮੋਰਚੇ ਨੇ ਸਮਾਂ ਦੇਣ ਤੋਂ ਇਨਕਾਰ ਕਰ ਦਿੱਤਾ। 2015 ਦੇ ਬਰਗਾਡ਼ੀ ਬੇਅਦਬੀ ਕਾਂਡ ਅਤੇ ਇਸ ਨਾਲ ਸਬੰਧਤ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ’ਚ ਕਾਰਵਾਈ ਲਈ ਇਨਸਾਫ਼ ਮੋਰਚਾ ਪਿਛਲੇ 7 ਮਹੀਨੇ ਤੋਂ ਚੱਲ ਰਿਹਾ ਹੈ। ਇਸ ਦੇ ਨਾਲ ਹੀ ਅੰਦੋਲਨ ਸ਼ੁਰੂ ਕਰਨ ਲਈ 31 ਜੁਲਾਈ ਨੂੰ ਪੰਥਕ ਜਥੇਬੰਦੀਆਂ ਦੀ ਮੀਟਿੰਗ ਸੱਦੀ ਗਈ ਹੈ। ਕੈਬਨਿਟ ਮੰਤਰੀ ਬੈਂਸ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀ ਟੀਮ ਨੇ ਗੋਲੀ ਕਾਂਡ ਦੇ ਪੀਡ਼ਤ ਪਰਿਵਾਰਾਂ ਅਤੇ ਪੰਥਕ ਜਥੇਬੰਦੀਆਂ ਦੇ ਆਗੂਆਂ ਨਾਲ ਗੱਲਬਾਤ ਕਰਕੇ 6 ਮਹੀਨੇ ਦਾ ਸਮਾਂ ਮੰਗਿਆ ਸੀ। ਏ.ਜੀ. ਦਫ਼ਤਰ ਤੋਂ ਵਕੀਲਾਂ ਦੀ ਟੀਮ ਕੈਬਨਿਟ ਮੰਤਰੀ ਹਰਜੋਤ ਬੈਂਸ ਤੋਂ ਇਲਾਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਫਰੀਦਕੋਟ ਤੋਂ ‘ਆਪ’ ਵਿਧਾਇਕ ਗੁਰਦਿੱਤ ਸਿੰਘ ਸੇਖੋਂ ਅਤੇ ਜੈਤੋ ਤੋਂ ਵਿਧਾਇਕ ਅਮੋਲਕ ਸਿੰਘ ਫਰੰਟ ਦੇ ਆਗੂਆਂ ਨਾਲ ਗੱਲਬਾਤ ਲਈ ਪਹੁੰਚੇ। ਕੈਬਨਿਟ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਸਰਕਾਰ ਬੇਅਦਬੀ ਅਤੇ ਗੋਲੀਕਾਂਡ ਦੇ ਦੋਸ਼ੀਆਂ ਖ਼ਿਲਾਫ਼ ਸਖਤ ਕਾਰਵਾਈ ਕਰਨਾ ਚਾਹੁੰਦੀ ਹੈ ਪਰ ਇਸ ਲਈ ਘੱਟੋ-ਘੱਟ 6 ਮਹੀਨੇ ਹੋਰ ਚਾਹੀਦੇ ਹਨ ਪਰ ਜਥੇਬੰਦੀਆਂ ਨੇ ਸਮਾਂ ਦੇਣ ਤੋਂ ਇਨਕਾਰ ਕਰ ਦਿੱਤਾ। ਪੰਜਾਬ ’ਚ ਸਾਲ 2015 ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਵਾਪਰੀਆਂ ਸਨ, ਜਿਸ ਦੇ ਵਿਰੋਧ ’ਚ ਪ੍ਰਦਰਸ਼ਨ ਕਰ ਰਹੇ ਸਿੱਖ ਪ੍ਰਦਰਸ਼ਨਕਾਰੀਆਂ ’ਤੇ ਗੋਲੀਆਂ ਚਲਾਈਆਂ ਗਈਆਂ। ਇਨ੍ਹਾਂ ਕੇਸਾਂ ’ਚ ਅਜੇ ਤੱਕ ਇਨਸਾਫ਼ ਨਹੀਂ ਮਿਲਿਆ, ਜਿਸ ਦੇ ਖਿਲਾਫ਼ ਸ਼ਹੀਦ ਹਰਭਗਵਾਨ ਸਿੰਘ ਦੇ ਪੁੱਤਰ ਸੁਖਰਾਜ ਸਿੰਘ ਨਿਆਮੀਵਾਲਾ ਦੀ ਅਗਵਾਈ ਹੇਠ ਇਨਸਾਫ ਮੋਰਚਾ ਚੱਲ ਰਿਹਾ ਹੈ।