ਇਕ ਪਾਸੇ ਬਹਿਬਲ ਕਲਾਂ ਬੇਅਦਬੀ ਮਾਮਲੇ ਨੂੰ ਲੈ ਕੇ ਸੰਘਰਸ਼ ਜਾਰੀ ਹੈ ਅਤੇ ਇਨਸਾਫ਼ ਲਈ ਸਿੱਖ ਜਥੇਬੰਦੀਆਂ ਡਟੀਆਂ ਹੋਈਆਂ ਹਨ, ਦੂਜੇ ਪਾਸੇ ਬਹਿਬਲ ਕਲਾਂ ਗੋਲੀ ਕਾਂਡ ਦੇ ਅਹਿਮ ਗਵਾਹ ਹਾਕਮ ਸਿੰਘ ਫ਼ੌਜੀ (80) ਦਾ ਦਿਹਾਂਤ ਹੋ ਜਾਣ ਦੀ ਖ਼ਬਰ ਹੈ। ਹਾਕਮ ਸਿੰਘ ਜਿੱਥੇ ਬਹਿਬਲ ਕਲਾਂ ਗੋਲੀ ਕਾਂਡ ਦੇ ਅਹਿਮ ਗਵਾਹ ਸਨ, ਉਥੇ ਹੀ ਇਨਸਾਫ਼ ਮੋਰਚੇ ਦਾ ਵੀ ਪੂਰਾ ਸਹਿਯੋਗ ਕਰ ਰਹੇ ਸਨ ਪਰ ਬੀਤੇ ਦਿਨ ਦੇਰ ਸ਼ਾਮ ਅਚਾਨਕ ਉਨ੍ਹਾਂ ਦਾ ਦਿਹਾਂਤ ਹੋ ਗਿਆ। ਬੀਤੇ ਦਿਨੀਂ ਜਦੋਂ ਇਨਸਾਫ਼ ਮੋਰਚੇ ਵੱਲੋਂ ਜਾਮ ਦੌਰਾਨ ਫ਼ੌਜੀ ਕਾਫ਼ਲੇ ਨੂੰ ਰੋਕਿਆ ਗਿਆ ਸੀ ਤਾਂ ਉਸ ਵੇਲੇ ਵੀ ਉਹ ਮੋਰਚਾ ਆਗੂ ਤੇ ਸੰਚਾਲਕ ਸੁਖਰਾਜ ਸਿੰਘ ਦੇ ਨਾਲ ਸਨ ਅਤੇ ਹਾਕਮ ਸਿੰਘ ਨੇ ਹੀ ਫ਼ੌਜੀ ਅਫ਼ਸਰਾਂ ਨਾਲ ਗੱਲਬਾਤ ਕੀਤੀ ਸੀ। ਹਾਕਮ ਸਿੰਘ ਆਪਣੇ ਪਿੱਛੇ ਪਤਨੀ, ਦੋ ਬੱਚਿਆਂ ਨੂੰ ਛੱਡ ਗਏ ਸਨ। ਉਨ੍ਹਾਂ ਦੀ ਮੌਤ ‘ਤੇ ਬਹਿਬਲ ਕਲਾਂ ਇਨਸਾਫ਼ ਮੋਰਚਾ ਵੱਲੋਂ ਡੂੰਘੇ ਦੁੱਖ਼ ਦਾ ਪ੍ਰਗਟਾਵਾ ਕੀਤਾ ਗਿਆ ਹੈ। ਇਨਸਾਫ਼ ਮੋਰਚੇ ਦੇ ਆਗੂਆਂ ਨੇ ਕਿਹਾ ਕਿ ਇਕ ਪਾਸੇ ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਦੇ ਗਵਾਹ ਇਕ-ਇਕ ਕਰਕੇ ਮਰ ਰਹੇ ਹਨ, ਦੂਜੇ ਪਾਸੇ ਬੇਅਦਬੀ ਮਾਮਲੇ ‘ਚ ਇਨਸਾਫ਼ ਲੈਣ ਲਈ ਸਿੱਖ ਲਗਾਤਾਰ ਸੰਘਰਸ਼ ਦੇ ਰਾਹ ਹਨ। ਪਰ ਪਹਿਲੀਆਂ ਸਰਕਾਰਾਂ ਵਾਂਗ ਆਮ ਆਦਮੀ ਪਾਰਟੀ ਦੀ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਵੀ ਦੋਸ਼ੀਆਂ ਨੂੰ ਸਜ਼ਾਵਾਂ ਦੇ ਕੇ ਇਨਸਾਫ਼ ਦੇਣ ਦੀ ਥਾਂ ਡੰਗ ਟਪਾਉਂਦੀ ਦਿਖਾਈ ਦਿੰਦੀ ਹੈ।